ਜਲੰਧਰੀਆਂ ਨੇ ਪੀ ਰੱਖੀ ਸੀ 150 ਐੱਮ. ਐੱਲ. ਤੋਂ ਵੀ ਜ਼ਿਆਦਾ ਸ਼ਰਾਬ, ਪੁਲਸ ਨੇ ਕੱਟੇ ਚਲਾਨ

09/19/2019 12:51:48 PM

ਜਲੰਧਰ (ਜ. ਬ.)— ਡਰੰਕ ਐਂਡ ਡਰਾਈਵ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਨੇ ਦੇਰ ਰਾਤ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ। ਟ੍ਰੈਫਿਕ ਪੁਲਸ ਨੇ 3 ਵੱਖ-ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕਰਕੇ ਇਹ ਕਾਰਵਾਈ ਕੀਤੀ ਅਤੇ ਦੇਰ ਰਾਤ ਤੱਕ 25 ਲੋਕਾਂ ਦੇ ਚਲਾਨ ਕੱਟੇ। ਤਿੰਨਾਂ ਪੁਆਇੰਟਾਂ 'ਤੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ, ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਭੱਲਾ ਜਾਂਚ ਕਰਦੇ ਨਜ਼ਰ ਆਏ। ਹੈਰਾਨੀ ਦੀ ਗੱਲ ਹੈ ਕਿ 30 ਐੱਮ. ਐੱਲ. ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਇਜਾਜ਼ਤ ਹੈ ਪਰ ਕੁਝ ਅਜਿਹੇ ਵੀ ਚਲਾਨ ਕੱਟੇ ਜਿਸ 'ਚ ਲੋਕਾਂ ਨੇ 150 ਐੱਮ. ਐੱਲ. ਤੋਂ ਵੀ ਜ਼ਿਆਦਾ ਸ਼ਰਾਬ ਪੀ ਰੱਖੀ ਸੀ।

ਨਾਕੇ ਦੌਰਾਨ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਨੇ ਇਹ ਵੀ ਕਹਿ ਦਿੱਤਾ ਕਿ ਦੋਸਤ ਨੇ ਪੈੱਗ ਮੋਟੇ ਬਣਾ ਦਿੱਤੇ ਸਨ। ਨੌਜਵਾਨ ਨੇ ਟ੍ਰੈਫਿਕ ਪੁਲਸ ਤੋਂ ਮੁਆਫੀ ਵੀ ਮੰਗੀ ਪਰ ਟ੍ਰੈਫਿਕ ਪੁਲਸ ਨੇ ਉਸ ਦਾ ਚਲਾਨ ਕੱਟ ਕੇ ਉਸ ਦੇ ਹੱਥ ਵਿਚ ਫੜਾ ਦਿੱਤਾ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦੱਸਿਆ ਕਿ ਕੂਲ ਰੋਡ, ਬੱਸ ਸਟੈਂਡ ਅਤੇ ਵਡਾਲਾ ਚੌਕ 'ਤੇ ਟ੍ਰੈਫਿਕ ਟੀਮਾਂ ਨੇ ਨਾਕਾਬੰਦੀ ਕਰ ਕੇ 25 ਲੋਕਾਂ ਦੇ ਡਰੰਕ ਐਂਡ ਡਰਾਈਵ ਦੇ ਚਲਾਨ ਕੱਟੇ। ਉਨ੍ਹਾਂ ਕਿਹਾ ਕਿ ਏ. ਸੀ. ਪੀ. ਹਰਬਿੰਦਰ ਭੱਲਾ ਬੱਸ ਸਟੈਂਡ ਪੁਆਇੰਟ 'ਤੇ ਸੀ, ਜਦਕਿ ਬਾਅਦ ਵਿਚ ਉਨ੍ਹਾਂ ਨੇ ਏ. ਸੀ. ਪੀ. ਟ੍ਰੈਫਿਕ ਦੇ ਨਾਲ ਤਿੰਨਾਂ ਨਾਕਿਆਂ 'ਤੇ ਜਾ ਕੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਹੁਣ ਹਰ ਰੋਜ਼ ਪੁਆਇੰਟ ਬਦਲ ਬਦਲ ਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਣਗੇ।


shivani attri

Content Editor

Related News