ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : SSP ਸੰਧੂ

05/16/2022 4:44:32 PM

ਫਗਵਾੜਾ (ਅਭਿਸ਼ੇਕ)-‘ਜਗ ਬਾਣੀ’ ਵੱਲੋਂ 2 ਦਿਨ ਪਹਿਲਾਂ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ’ਚ ਦੱਸਿਆ ਗਿਆ ਸੀ ਕਿਵੇਂ ‘ਨਸ਼ਾ ਪੰਜਾਬ ਦੀ ਜਵਾਨੀ’ ਨੂੰ ਤਬਾਹ ਕਰ ਰਿਹਾ ਹੈ ਅਤੇ ਕੁਝ ਗ੍ਰਾਮ ਨਸ਼ਾ ਫੜਨ ਦੀ ਬਜਾਏ ਪੁਲਸ ਨੂੰ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਨਸ਼ਾ ਸਮੱਗਲਰਾਂ ’ਤੇ ਨਕੇਲ ਕੱਸਣ ਦੀ ਜ਼ਰੂਰਤ ਹੈ। ਇਸ ਦਾ ਅਸਰ ਅੱਜ ਫਗਵਾੜਾ ਵਿਖੇ 2 ਦਿਨਾਂ ’ਚ ਹੀ ਵੇਖਣ ਨੂੰ ਮਿਲਿਆ। ਇਸੇ ਤਹਿਤ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੁਲਸ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ, ਜਿਸ ’ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਕੁਲ 5 ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਦੱਸ ਦੇਈਏ ਕਿ ਜ਼ਿਲ੍ਹਾ ਪੁਲਸ ਵੱਲੋਂ ਉਕਤ ਵੱਡੀ ਸਫ਼ਲਤਾ ਹਾਸਲ ਕਰਨ ’ਤੇ ਜਿੱਥੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਜ਼ਿਲ੍ਹਾ ਪੁਲਸ ਦਾ ਅਕਸ ਵੀ ਚਮਕ ਗਿਆ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਨਸ਼ੇ ਦੀ ਭਾਰੀ ਖੇਪ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ, ਜਿਵੇਂ ਕਿ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਪੁਲਸ ਤਫ਼ਤੀਸ਼ ਦਾ ਦੌਰ ਜਾਰੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਉਕਤ ਮੁਲਜ਼ਮਾਂ ਦੇ ਤਾਰ ਕਿਨ੍ਹਾਂ ਵੱਡੇ ਮਗਰਮੱਛਾਂ ਨਾਲ ਜੁੜੇ ਹਨ, ਜੋ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਦੇ ਸਨ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਅਤੇ ਜ਼ਿਲ੍ਹੇ ’ਚ ਨਸ਼ੇ ’ਤੇ ਪੂਰੀ ਤਰ੍ਹਾਂ ਨਕੇਲ ਕੱਸਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਜਾਰੀ ਹੈ, ਜਿਸ ਦੇ ਤਹਿਤ ਡਰੱਗ ਪ੍ਰਭਾਵਿਤ ਇਲਾਕਿਆਂ ’ਚ ਪੁਲਸ ਵੱਲੋਂ ਲਗਾਤਾਰ ਸਰਚ ਮੁਹਿੰਮ ਚਲਾਈ ਜਾਵੇਗੀ। ਨਸ਼ੇ ਦੀ ਸਪਲਾਈ ਵਿਚ ਸਰਗਰਮ ਸਮੱਗਲਰਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਬਾਬਤ ਜ਼ਿਲੇ ਦੇ ਵੱਖ-ਵੱਖ ਥਾਣਿਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਭਗੌੜੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਪੀ. ਓ. ਸਟਾਫ ਨੂੰ ਜਾਰੀ ਕੀਤੇ ਜਾਣਗੇ ਹੁਕਮ
ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਡਰੱਗ ਦੇ ਮਾਮਲਿਆਂ ’ਚ ਭਗੌੜੇ ਚੱਲ ਰਹੇ ਦੋਸ਼ੀਆਂ ਦੀ ਲਿਸਟ ਕਢਵਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਵੱਖ-ਵੱਖ ਥਾਣਿਆਂ ਦੇ ਪੀ. ਓ. ਸਟਾਫ ਨੂੰ ਹੁਕਮ ਜਾਰੀ ਕੀਤੇ ਜਾਣਗੇ।
ਡਰੱਗ ਮਾਫੀਆ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਮਿਹਨਤੀ ਤੇ ਤਜੁਰਬੇਕਾਰ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਕੀਤਾ ਜਾਵੇ ਤੇ ਡਰੱਗ ਪ੍ਰਭਾਵਿਤ ਖੇਤਰਾਂ ’ਚ ਪੱਕੇ ਤੌਰ ’ਤੇ ਪੁਲਸ ਨਾਕਾਬੰਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਰੱਗ ਸਮੱਗਲਰਾਂ ਖਿਲਾਫ ਛੇਡ਼ੀ ਗਈ ਮੁਹਿੰਮ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਨਸ਼ੇ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ
ਐੱਸ. ਐੱਸ. ਪੀ. ਨੇ ਕਿਹਾ ਕਿ ਨਸ਼ੇ ਨੂੰ ਜਡ਼੍ਹ ਤੋਂ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਕਿਸੇ ਨਸ਼ਾ ਸਮੱਗਲਰ ਦੀ ਜਾਣਕਾਰੀ ਹੋਵੇ ਤਾਂ ਉਹ ਬੇਝਿਜਕ ਹੋ ਕੇ ਪੁਲਸ ਵਿਭਾਗ ਨਾਲ ਸੰਪਰਕ ਕਰਨ। ਇਸ ਮਾਮਲੇ ਵਿਚ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੇ ਸਵਾਰਥ ਲਈ ਪੰਜਾਬ ਦੀ ਜਵਾਨੀ ਤਬਾਹ ਕਰਨ ਵਾਲੇ ਅਤੇ ਮਾਵਾਂ ਦੇ ਨੌਜਵਾਨ ਪੁੱਤਾਂ ਨੂੰ ਨਸ਼ੇ ਦੀ ਭੈੜੀ ਬੀਮਾਰੀ ਲਾਉਣ ਵਾਲੇ ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ ਹੱਸਦੇ ਵੱਸਦੇ ਪੰਜਾਬ ਦੇ ਦੁਸ਼ਮਣ ਹਨ ਅਤੇ ਇਨ੍ਹਾਂ ਨੂੰ ਜਡ਼੍ਹ ਤੋਂ ਖਤਮ ਕਰਨਾ ਸਾਡੀ ਸਭ ਤੋਂ ਵੱਡੀ ਪਹਿਲ ਹੈ।
 
ਜ਼ਿਲ੍ਹਾ ਪੁਲਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਏ ਜਾ ਰਹੇ ਸਨ ਸੈਮੀਨਾਰ
ਐੱਸ. ਐੱਸ. ਪੀ. ਨੇ ਕਿਹਾ ਕਿ ਡਰੱਗ ਪ੍ਰਭਾਵਿਤ ਖੇਤਰਾਂ ਜ਼ਿਲਾ ਪੁਲਸ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਨਸ਼ਾ ਸਮੱਗਲਰਾਂ ਖਿਲਾਫ ਜਾਗਰੂਕ ਕਰਨ ਦੇ ਮਕਸਦ ਨਾਲ ਸੈਮੀਨਾਰ ਲਗਾਏ ਜਾ ਰਹੇ ਹਨ। ਜਿਸ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ। ਇਸੇ ਤਹਿਤ ਵਿੱਦਿਅਕ ਅਦਾਰਿਆਂ ’ਚ ਵੀ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਸ਼ੇ ਦੇ ਮਾੜੇ ਪ੍ਰਭਾਵਾ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਨਸ਼ਿਆਂ ਦੀ ਲਪੇਟ ’ਚ ਨਾ ਆਉਣ।
 
ਪੀ. ਸੀ. ਆਰ. ਟੀਮਾਂ ਵੱਲੋਂ ਲਗਾਤਾਰ ਜਾਰੀ ਰਹੇਗੀ ਚੈਕਿੰਗ

ਰਾਜਬਚਨ ਸਿੰਘ ਸੰਧੂ ਨੇ ਇਹ ਵੀ ਕਿਹਾ ਕਿ ਜ਼ਿਲੇ ਦੀਆਂ ਚਾਰੇ ਸਬ ਡਵੀਜ਼ਨਾਂ ’ਚ ਪੀ. ਸੀ. ਆਰ. ਟੀਮਾਂ ਨੂੰ ਸ਼ਹਿਰੀ ਖੇਤਰਾਂ ’ਚ ਮਜ਼ਬੂਤ ਕਰਨ ਦੇ ਨਾਲ-ਨਾਲ ਹੁਣ ਦਿਹਾਤੀ ਖੇਤਰਾਂ ’ਚ ਵੀ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ ਤਾਂ ਜੋ ਅਪਰਾਧਾਂ ਦੀ ਦਰ ’ਚ ਭਾਰੀ ਕਮੀ ਲਿਆਂਦੀ ਜਾ ਸਕੇ। ਇਸ ਤੋਂ ਇਲਾਵਾ ਪੀ. ਸੀ. ਆਰ. ਟੀਮਾਂ ਵੱਲੋਂ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਮੱਗਲਰਾਂ ਖਿਲਾਫ ਵਧੀਆ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਿੱਥੇ ਸਨਮਾਨਿਤ ਕੀਤਾ ਜਾਵੇਗਾ, ਉੱਥੇ ਹੀ ਇਸ ਡਰੱਗ ਵਿਰੋਧੀ ਮੁਹਿੰਮ ’ਚ ਲਾਪ੍ਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਵਿਭਾਗੀ ਐਕਸ਼ਨ ਵੀ ਲਿਆ ਜਾਵੇਗਾ।


Manoj

Content Editor

Related News