ਅੰਮ੍ਰਿਤਸਰ-ਦਿੱਲੀ ਸਫ਼ਰ ਬਣਿਆ ਮੁਸ਼ਕਿਲ, ਡਾਇਵਰਟ ਰੂਟਾਂ ਕਾਰਨ ਦਰਜਨਾਂ ਟਰੇਨਾਂ 8-10 ਘੰਟੇ ਲੇਟ

06/03/2024 12:15:54 PM

ਜਲੰਧਰ (ਪੁਨੀਤ)-ਸਾਧੂਗੜ੍ਹ-ਸਰਹਿੰਦ ਨਜ਼ਦੀਕ ਟਰੇਨ ਹਾਦਸੇ ਕਾਰਨ ਅੰਮ੍ਰਿਤਸਰ-ਦਿੱਲੀ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਕਾਰਨ ਜਲੰਧਰ ਸ਼ਹਿਰ ਅਤੇ ਕੈਂਟ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਿੱਧਾ ਟਰੈਕ ਪ੍ਰਭਾਵਿਤ ਹੋਣ ਕਾਰਨ ਰੇਲਵੇ ਨੂੰ ਟਰੇਨਾਂ ਨੂੰ ਰੀ-ਸ਼ਡਿਊਲ ਕਰਕੇ ਚਲਾਉਣਾ ਪਿਆ, ਜਦੋਂ ਕਿ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ, ਉਥੇ ਹੀ ਕਈ ਟਰੇਨਾਂ ਸ਼ਾਰਟ ਟਰਮੀਨੇਟ ਹੋਈਆਂ। ਇਸ ਕਾਰਨ ਟਰੇਨਾਂ ਨੂੰ ਲੰਮੇ ਰਸਤੇ ਜ਼ਰੀਏ ਪੰਜਾਬ ਵੱਲ ਭੇਜਿਆ ਜਾ ਰਿਹਾ ਹੈ।

ਦੂਜੇ ਵਰਤੇ ਗਏ ਰੂਟਾਂ ਵਿਚ ਲੁਧਿਆਣਾ ਤੋਂ ਧੂਰੀ ਹੁੰਦੇ ਹੋਏ ਜਾਖਲ ਰਸਤੇ ਟਰੇਨਾਂ ਨੂੰ ਭੇਜਿਆ ਗਿਆ। ਉਥੇ ਹੀ, ਸਾਹਨੇਵਾਲ ਤੋਂ ਚੰਡੀਗੜ੍ਹ ਜ਼ਰੀਏ ਅੰਬਾਲਾ ਵਾਲੇ ਰੂਟ ਦੀ ਵਰਤੋਂ ਹੋਈ। ਇਸ ਤੋਂ ਇਲਾਵਾ ਰਾਜਪੁਰਾ-ਧੂਰੀ ਤੋਂ ਜਾਖਲ ਵਾਲਾ ਰੂਟ ਵੀ ਵਰਤੋਂ ਵਿਚ ਲਿਆਂਦਾ ਗਿਆ। ਚੰਡੀਗੜ੍ਹ ਰਾਹੀਂ ਪੰਜਾਬ ਆਉਣ ਵਾਲੀਆਂ ਟਰੇਨਾਂ ਨੂੰ ਕਾਫ਼ੀ ਦਿੱਕਤਾਂ ਵਿਚੋਂ ਲੰਘਦਿਆਂ ਪੰਜਾਬ ਆਉਣਾ ਪੈ ਰਿਹਾ ਹੈ ਕਿਉਂਕਿ ਸਿੰਗਲ ਟਰੈਕ ਹੋਣ ਕਾਰਨ ਟਰੇਨਾਂ ਨੂੰ ਥਾਂ-ਥਾਂ ਰੋਕਣਾ ਪੈ ਰਿਹਾ ਹੈ। ਸਰਹਿੰਦ ’ਚ ਤੜਕੇ ਵਾਪਰੇ ਹਾਦਸੇ ਤੋਂ ਬਾਅਦ ਜਲੰਧਰ ਸਟੇਸ਼ਨ ’ਤੇ ਦੇਰ ਰਾਤ ਤੱਕ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਚੱਲਦਾ ਰਿਹਾ। ਇਸ ਕਾਰਨ ਲਗਭਗ ਸਾਰੀਆਂ ਟਰੇਨਾਂ 8-10 ਘੰਟੇ ਦੀ ਦੇਰੀ ਨਾਲ ਪੁੱਜੀਆਂ। ਮਹੱਤਵਪੂਰਨ ਟਰੇਨਾਂ ’ਚ ਸ਼ਤਾਬਦੀ 6 ਘੰਟੇ, ਜਦਕਿ ਸ਼ਾਨ-ਏ-ਪੰਜਾਬ 8 ਘੰਟੇ ਅਤੇ ਸ਼ਹੀਦ ਐਕਸਪ੍ਰੈੱਸ 7 ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀਆਂ। ਇਸ ਤੋਂ ਇਲਾਵਾ ਖ਼ਬਰ ਲਿਖੇ ਜਾਣ ਤੱਕ ਕਈ ਟਰੇਨਾਂ 8-10 ਘੰਟੇ ਲੇਟ ਦੱਸੀਆਂ ਜਾ ਰਹੀਆਂ ਸਨ। ਇਸ ਦੇ ਨਾਲ ਹੀ ਦਾਦਰ, ਡੀਲਕਸ, ਹਾਵੜਾ, ਸੱਚਖੰਡ, ਜਨਸੇਵਾ ਆਦਿ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਕਈ ਟਰੇਨਾਂ ਦੇ ਰੱਦ ਹੋਣ ਕਾਰਨ ਉਨ੍ਹਾਂ ਦਾ ਰਿਫੰਡ ਮੋੜਿਆ ਗਿਆ।

PunjabKesari

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ

ਅੰਬਾਲਾ ਦੇ ਰਸਤੇ ਵਿਚ ਹਾਦਸੇ ਕਾਰਨ ਜਿੱਥੇ ਇਕ ਪਾਸੇ ਦਿੱਲੀ ਤੋਂ ਆਉਣ ਵਾਲੀਆਂ ਟਰੇਨਾਂ ਲੇਟ ਹੋ ਰਹੀਆਂ ਸਨ, ਉਥੇ ਹੀ ਅੰਮ੍ਰਿਤਸਰ ਤੋਂ ਜਲੰਧਰ ਆਉਣ ਵਾਲੀਆਂ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਵਿਚ ਬੇਹੱਦ ਇਜ਼ਾਫਾ ਹੋ ਰਿਹਾ ਸੀ। ਇਸ ਘਟਨਾਕ੍ਰਮ ਕਾਰਨ ਕਈ ਐਕਸਪ੍ਰੈੱਸ ਟਰੇਨਾਂ 6-7 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਭਿਆਨਕ ਗਰਮੀ ਵਿਚ ਸਮਾਂ ਬਿਤਾਉਣ ਲਈ ਮਜਬੂਰ ਹੋਣਾ ਪਿਆ। ਇਸ ਦੇ ਨਾਲ ਹੀ ਇਸ ਘਟਨਾਕ੍ਰਮ ਕਾਰਨ ਸੋਮਵਾਰ ਨੂੰ ਵੀ ਟਰੇਨਾਂ ਦੇ ਪ੍ਰਭਾਵਿਤ ਰਹਿਣ ਦੇ ਆਸਾਰ ਹਨ।

ਅੰਮ੍ਰਿਤਸਰ ਲਈ 4 ਘੰਟੇ ਤੱਕ ਨਹੀਂ ਆਈ ਕੋਈ ਟਰੇਨ
ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਲੱਗਭਗ 4 ਘੰਟੇ ਸਟੇਸ਼ਨ ’ਤੇ ਉਡੀਕ ਕਰਨੀ ਪਈ। ਦੁਪਹਿਰ ਤੋਂ ਲੈ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਅੰਮ੍ਰਿਤਸਰ ਰੂਟ ਦੀ ਕੋਈ ਵੀ ਟਰੇਨ ਸਟੇਸ਼ਨ ’ਤੇ ਨਹੀਂ ਪੁੱਜੀ। ਇਸ ਦੌਰਾਨ ਦਾਦਰ ਐਕਸਪ੍ਰੈੱਸ ਦੇ ਆਉਣ ’ਤੇ ਸੈਂਕੜੇ ਯਾਤਰੀ ਟਰੇਨ ’ਚ ਸਵਾਰ ਹੋਏ। ਇਸ ਕਾਰਨ ਕਈ ਯਾਤਰੀ ਸਟੇਸ਼ਨ ਤੋਂ ਬੱਸ ਸਟੈਂਡ ਲਈ ਰਵਾਨਾ ਹੋ ਗਏ। ਅੰਮ੍ਰਿਤਸਰ ਏਅਰਪੋਰਟ ਤੋਂ ਕਈ ਯਾਤਰੀਆਂ ਦੀ ਫਲਾਈਟ ਸੀ, ਜਿਸ ਕਾਰਨ ਉਨ੍ਹਾਂ ਲਈ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਸੀ। ਟਰੇਨਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੇ ਵਾਪਸ ਮੁੜਨਾ ਅਤੇ ਬਦਲ ਬਦਲਣਾ ਹੀ ਉਚਿਤ ਸਮਝਿਆ।

PunjabKesari

ਇਹ ਵੀ ਪੜ੍ਹੋ- XUV ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ

ਜਲੰਧਰ ਲਈ 81461-39614 ਕੰਟਰੋਲ ਰੂਮ ਸਥਾਪਤ
ਟਰੇਨ ਹਾਦਸੇ ਤੋਂ ਬਾਅਦ ਟਰੇਨਾਂ ਦੇ ਲੇਟ ਹੋਣ ਸਬੰਧੀ ਜਾਣਕਾਰੀ ਲੈਣ ਲਈ ਰੇਲਵੇ ਵੱਲੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਆਦਿ ਸਟੇਸ਼ਨਾਂ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਇਸੇ ਸਿਲਸਿਲੇ ਵਿਚ ਜਲੰਧਰ ਲਈ 81461-39614 ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਹਰੇਕ ਸਟੇਸ਼ਨ ’ਤੇ ਹੈਲਪ ਡੈਸਕ ਵੀ ਲਾਏ ਗਏ ਹਨ। ਸੀ. ਐੱਮ. ਆਈ. ਨਿਤੇਸ਼ ਕੁਮਾਰ ਦੇ ਹੁਕਮਾਂ ’ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਨੰਬਰ 1 ’ਤੇ ਇਨਕੁਆਰੀ ਨੇੜੇ ਬਣਾਏ ਗਏ ਹੈਲਪ ਡੈਸਕ ’ਤੇ ਸੀ. ਆਈ. ਟੀ. ਅਸ਼ੋਕ ਕੁਮਾਰ ਨੂੰ ਇੰਚਾਰਜ ਲਾਇਆ ਗਿਆ ਹੈ।

PunjabKesari

ਮੁੱਖ ਟਰੇਨਾਂ ਦੇ ਡਾਇਵਰਟ ਕੀਤੇ ਗਏ ਰੂਟ
ਦਰਭੰਗਾ-ਜਲੰਧਰ ਸਿਟੀ, ਪਟਨਾ-ਜੰਮੂਤਵੀ, ਪੁਣੇ-ਜੰਮੂਤਵੀ, ਵਾਰਾਣਸੀ-ਜੰਮੂਤਵੀ, ਅਜਮੇਰ-ਜੰਮੂਤਵੀ, ਹਾਵੜਾ-ਜੰਮੂਤਵੀ ਅਤੇ ਸੂਬੇਦਾਰਗੰਜ-ਤੁਸ਼ਾਰ ਮਹਾਜਨ ਟਰੇਨਾਂ ਨੂੰ ਅੰਬਾਲਾ ਤੋਂ ਚੰਡੀਗੜ੍ਹ-ਸਾਹਨੇਵਾਲ ਰਸਤੇ ਕੱਢਿਆ ਗਿਆ। ਜੰਮੂਤਵੀ-ਗੋਰਖਪੁਰ, ਅੰਮ੍ਰਿਤਸਰ-ਸਹਰਸਾ, ਅੰਮ੍ਰਿਤਸਰ-ਨਵੀਂ ਦਿੱਲੀ, ਅੰਮ੍ਰਿਤਸਰ-ਨਾਂਦੇੜ, ਅੰਮ੍ਰਿਤਸਰ-ਕੋਚੂਵੈਲੀ, ਅੰਮ੍ਰਿਤਸਰ-ਨਵੀਂ ਦਿੱਲੀ, ਅੰਮ੍ਰਿਤਸਰ-ਪੂਰਨੀਆਂ ਕੋਟ ਅਤੇ ਅੰਮ੍ਰਿਤਸਰ-ਹਰਿਦੁਆਰ ਟਰੇਨਾਂ ਨੂੰ ਸਾਹਨੇਵਾਲ ਤੋਂ ਚੰਡੀਗੜ੍ਹ-ਅੰਬਾਲਾ ਕੈਂਟ ਵੱਲ ਕੱਢਿਆ ਗਿਆ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News