ਪਤਨੀ ਦਾ ਸਤਾਇਆ ਪਤੀ 12 ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਦੇਵੇਗਾ ਧਰਨਾ

Sunday, Dec 29, 2019 - 03:02 PM (IST)

ਪਤਨੀ ਦਾ ਸਤਾਇਆ ਪਤੀ 12 ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਦੇਵੇਗਾ ਧਰਨਾ

ਫਗਵਾੜਾ (ਜਲੋਟਾ)— ਆਮ ਤੌਰ 'ਤੇ ਔਰਤਾਂ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ ਦਾਜ ਦੀ ਮੰਗ ਦੇ ਮਾਮਲੇ ਸੁਣਨ ਨੂੰ ਮਿਲਦੇ ਰਹਿੰਦੇ ਹਨ ਪਰ ਇਸ ਦੇ ਉਲਟ ਇਕ ਮਾਮਲਾ ਸਾਹਮਣੇ ਆਇਆ ਹੈ । ਜਿਸ 'ਚ ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੰਗੇਰੀ ਜ਼ਿਲਾ ਐੱਸ. ਬੀ. ਐੱਸ. ਨਗਰ ਨੇ ਆਪਣੀ ਪਤਨੀ ਸਰਬਜੀਤ ਕੌਰ ਅਤੇ ਸਹੁਰੇ ਪਰਿਵਾਰ 'ਤੇ ਸੰਗੀਨ ਦੋਸ਼ ਲਾਏ ਹਨ।

ਸੁਰਜੀਤ ਸਿੰਘ ਨੇ ਕਿਹਾ ਕਿ ਉਸ ਦਾ ਵਿਆਹ ਮਾਰਚ 2002 'ਚ ਹੋਇਆ ਸੀ। ਵਿਆਹ ਤੋਂ 8 ਦਿਨ ਬਾਅਦ ਹੀ ਉਸ ਦੇ ਸਹੁਰੇ ਨੇ ਉਸ 'ਤੇ ਘਰ ਜਵਾਈ ਬਣ ਕੇ ਰਹਿਣ ਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਜਦਕਿ ਉਸ ਦੇ ਦੋ ਸਾਲੇ ਹਨ ਜੋ ਸਹੁਰੇ ਘਰ ਹੀ ਰਹਿੰਦੇ ਸੀ। ਜਦੋਂ ਉਸ ਨੇ ਘਰ ਜਵਾਈ ਬਣ ਕੇ ਰਹਿਣ ਤੋਂ ਇਨਕਾਰ ਕਰ ਦਿੱਤੀ ਤਾਂ ਪਤਨੀ ਅਤੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕਰਨ ਅਤੇ ਪਤਨੀ ਨਾਲ ਕੁੱਟਮਾਰ ਦੀਆਂ ਝੂਠੀਆਂ ਦਰਖਾਸਤਾਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਦੇ ਦਿੱਤੀਆਂ। ਜਿਸ ਕਰ ਕੇ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹੈ।

ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਦੀ ਸਰਕਾਰ ਦਰਬਾਰ 'ਚ ਕਾਫੀ ਜਾਣ-ਪਛਾਣ ਹੈ, ਜਿਸ ਕਰਕੇ ਉਸ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਸੁਰਜੀਤ ਸਿੰਘ ਅਨੁਸਾਰ ਇਸੇ ਦੁੱਖ ਨਾਲ ਉਸ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ ਹੈ ਅਤੇ ਹੋਰ ਪਰਿਵਾਰਕ ਮੈਂਬਰ ਵੀ ਪ੍ਰੇਸ਼ਾਨ ਰਹਿੰਦੇ ਹਨ। ਜੋ ਥੋੜ੍ਹੀ ਬਹੁਤ ਜਾਇਦਾਦ ਉਸ ਪਾਸ ਸੀ ਉਹ ਸਾਰੀ ਕੇਸਾਂ 'ਤੇ ਖਰਚ ਹੋ ਚੁੱਕੀ ਹੈ। ਉਸ ਵਲੋਂ ਦਿੱਤੀ ਹਰ ਦਰਖਾਸਤ ਨੂੰ ਸਹੁਰੇ ਪਰਿਵਾਰ ਵੱਲੋਂ ਪੈਸੇ ਅਤੇ ਅਸਰ ਰਸੂਖ ਦੇ ਜ਼ੋਰ ਨਾਲ ਦਬਾਅ ਦਿੱਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਦੇਸ਼ ਭਰ ਦੇ ਪਤਨੀਆਂ ਤੋਂ ਸਤਾਏ ਹੋਏ ਪਤੀਆਂ ਵੱਲੋਂ 12 ਜਨਵਰੀ 2020 ਨੂੰ ਸੇਫ ਇੰਡੀਆ ਫੈਮਲੀ ਫਾਊਂਡੇਸ਼ਨ, ਪੁਰਸ਼ ਸਤਿਆਗ੍ਰਹਿ ਅਤੇ ਹੋਰ ਅਨੇਕਾਂ ਸੰਗਠਨਾਂ ਦੇ ਬੈਨਰ ਹੇਠ ਸਾਂਝੇ ਤੌਰ 'ਤੇ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਲਾ ਕੇ ਸਰਕਾਰ ਤੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ 'ਚ ਉਹ ਵੀ ਸ਼ਾਮਲ ਹੋਵੇਗਾ।


author

shivani attri

Content Editor

Related News