ਰੇਲਵੇ ਦੇ 100 ’ਚੋਂ 40 ਕੁਆਰਟਰਾਂ ’ਤੇ ਚੱਲੀ ਡਿੱਚ, ਕੰਡਮ ਕੁਆਰਟਰਾਂ ਨੂੰ ਛੱਡਿਆ
Thursday, Aug 06, 2020 - 01:16 PM (IST)

ਜਲੰਧਰ (ਗੁਲਸ਼ਨ) – ਅਰਜੁਨ ਨਗਰ ਦੇ ਨਾਲ ਲੱਗਦੀ 40 ਕੁਆਰਟਰਾਂ ਦੇ ਨਾਂ ਨਾਲ ਜਾਣੀ ਜਾਂਦੀ ਕਾਲੋਨੀ ਦੇ ਕੰਡਮ ਕੁਆਰਟਰਾਂ ਨੂੰ ਢਾਹੁਣ ਲਈ ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ। ਪਹਿਲੇ ਦਿਨ 13 ਕੁਆਰਟਰਾਂ ਨੂੰ ਡਿਮੋਲਿਸ਼ ਕੀਤਾ ਗਿਆ ਸੀ ਪਰ ਬੁੱਧਵਾਰ ਸਵੇਰੇ ਇਕ ਵਾਰ ਫਿਰ ਡਿੱਚ ਮਸ਼ੀਨਾਂ ਦੀ ਗੜਗੜਾਹਟ ਕੁਆਰਟਰਾਂ ਵਿਚ ਗੂੰਜਦੀ ਰਹੀ। ਸ਼ਾਮ ਤੱਕ 40 ਕੁਆਰਟਰਾਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਡੇਗ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਰੇਲਵੇ ਕਾਲੋਨੀ ਦੇ ਆਸ-ਪਾਸ ਲਗਭਗ 100 ਕੁਆਰਟਰ ਹਨ ਜੋ ਕਿ ਕੰਡਮ ਹੋ ਚੁੱਕੇ ਹਨ। ਉਨ੍ਹਾਂ ਕੁਆਰਟਰਾਂ ’ਤੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਸੂਚਨਾ ਅਨੁਸਾਰ ਮੰਡਲ ਅਧਿਕਾਰੀਆਂ ਵਲੋਂ ਕੇਵਲ 40 ਕੁਆਰਟਰਾਂ ’ਤੇ ਹੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਤੋੜੇ ਗਏ ਕੁਆਰਟਰਾਂ ਦੇ ਅੱਗੇ ਰੇਲਵੇ ਵਿਭਾਗ ਵਲੋਂ ਬਾਊਂਡਰੀਵਾਲ ਬਣਾਈ ਜਾਵੇਗੀ ਤਾਂ ਜੋ ਅੰਦਰ ਪਿਆ ਮਲਬਾ ਜਾਂ ਹੋਰ ਸਾਮਾਨ ਚੋਰੀ ਨਾ ਹੋ ਸਕੇ। ਖਾਲੀ ਸਥਾਨ ’ਤੇ ਕੂੜੇ ਦਾ ਡੰਪ ਵੀ ਬਣ ਸਕਦਾ ਹੈ, ਇਸ ਲਈ ਇਨ੍ਹਾਂ ਕੁਆਰਟਰਾਂ ਅੱਗੇ ਬਾਊਂਡਰੀਵਾਲ ਬਣਨੀ ਬੇਹੱਦ ਜ਼ਰੂਰੀ ਹੈ।