2 ਹਫਤਿਆਂ ਤੋਂ ਪਾਣੀ ਨਾ ਆਉਣ ਕਾਰਣ ਪਿੰਡ ਮੋਹੀਵਾਲ ਵਾਸੀ ਪ੍ਰੇਸ਼ਾਨ
Thursday, Dec 26, 2019 - 11:53 PM (IST)

ਸ੍ਰੀ ਅਨੰਦਪੁਰ ਸਾਹਿਬ, (ਜ.ਬ.)- ਪਿੰਡ ਮੋਹੀਵਾਲ ਦੇ ਵਾਸੀ ਪਿੰਡ ’ਚ ਪਿਛਲੇ ਤਕਰੀਬਨ 2 ਹਫਤਿਆਂ ਤੋਂ ਪਾਣੀ ਨਾ ਆੳੁਣ ਕਾਰਣ ਬਹੁਤ ਪ੍ਰੇਸ਼ਾਨ ਹਨ, ਆਪਣੀ ਇਸ ਪ੍ਰੇਸ਼ਾਨੀ ਦੇ ਹੱਲ ਲਈ ਅੱਜ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਪਿੰਡ ਦੀ ਸਰਪੰਚ ਸਰਵਣੀ ਦੇਵੀ ਦੀ ਅਗਵਾਈ ਹੇਠ ਇਕ ਮੰਗ-ਪੱਤਰ ਸ੍ਰੀ ਅਨੰਦਪੁਰ ਸਾਹਿਬ ਦੀ ਐੱਸ. ਡੀ. ਐੱਮ. ਕੰਨੂ ਗਰਗ ਨੂੰ ਦਿੱਤਾ । ਆਪਣੀ ਮੁਸ਼ਕਿਲ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਰਵਣੀ ਦੇਵੀ ਨੇ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵਲੋਂ ਸਾਡੇ ਪਿੰਡ ਦਾ ਪਾਣੀ ਪਿਛਲੇ ਤਕਰੀਬਨ 2 ਹਫਤਿਆਂ ਤੋਂ ਬੰਦ ਕੀਤਾ ਹੋਇਆ ਹੈ, ਜਿਸ ਕਾਰਣ ਸਮੂਹ ਪਿੰਡ ਵਾਸੀ ਬਡ਼ੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਪੀਣ ਵਾਲੇ ਪਾਣੀ ਦਾ ਹੋਰ ਕੋਈ ਵੀ ਵਸੀਲਾ ਨਹੀਂ ਹੈ ਅਤੇ ਇੱਥੋਂ ਦੇ ਗਰੀਬ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਅਤੇ ਮਜ਼ਦੂਰੀ ਹੀ ਹੈ। ਪਾਣੀ ਦੀ ਪੂਰਤੀ ਲਈ ਪਿੰਡ ਵਾਸੀ ਦਿਹਾਡ਼ੀ ’ਤੇ ਦੂਜੇ ਪਿੰਡਾਂ ਤੋਂ ਟਰੈਕਟਰਾਂ ਰਾਹੀਂ ਪਾਣੀ ਲਿਆ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ।
ਉਨ੍ਹਾਂ ਮੰਗ ਪੱਤਰ ਰਾਹੀਂ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪਿੰਡ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਮਜਬੂਰਨ ਸਾਨੂੰ ਧਰਨੇ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਗੁਰਚਰਨ ਸਿੰਘ, ਹੁਕਮਾ ਰਾਮ, ਕੁਲਦੀਪ ਕੌਰ, ਮਨਜੀਤ ਕੌਰ, ਕਰਮ ਚੰਦ, ਇੰਦਰਪਾਲ, ਬੀਰਪਾਲ ਸਿੰਘ, ਮਹਿੰਦਰ ਸਿੰਘ, ਅਮਰ ਸਿੰਘ, ਕਿਸ਼ਨ ਚੰਦ, ਸੁੱਖ ਰਾਮ, ਸਰਵਣ ਕੁਮਾਰ, ਭਾਗ ਸਿੰਘ, ਰਾਮ ਸਿੰਘ, ਲੇਖ ਰਾਮ, ਕਰਮ ਚੰਦ, ਸ਼ੇਰੂ, ਦੋਲਤ ਰਾਮ, ਰਾਮ ਲਾਲ, ਗੁਰਬਖਸ ਸਿੰਘ, ਨੀਲਮ ਕੁਮਾਰੀ, ਵੰਦਨਾ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਕੀ ਕਹਿਣੈ ਐੱਸ. ਡੀ. ਓ. ਦਾ
ਜਦੋਂ ਇਸ ਸਬੰਧੀ ਵਾਟਰ ਸਪਲਾਈ ਮਹਿਕਮੇ ਦੇ ਐੱਸ. ਡੀ. ਓ. ਅਭੀ ਟੁਟੇਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਸੰਸਾਰ ਬੈਂਕ ਸਕੀਮ ਦੇ ਅਧੀਨ ਹੈ ਅਤੇ ਇਸ ਸਕੀਮ ਅਧੀਨ ਆਉਣ ਵਾਲੇ ਪਿੰਡਾਂ ਨੂੰ ਵਾਟਰ ਸਪਲਾਈ ਦਾ ਕੰਮ ਖੁਦ ਦੇਖਣਾ ਹੁੰਦਾ ਹੈ, ਜੋ ਇਸ ਪਿੰਡ ਨੇ ਹੁਣ ਤੱਕ ਨਹੀਂ ਦੇਖਿਆ ਅਤੇ ਨਾ ਹੀ ਪਿੰਡ ਵਾਸੀਆਂ ਨੇ ਇਸ ਸਬੰਧੀ ਪਿਛਲੇ ਤਕਰੀਬਨ 10 ਸਾਲਾਂ ਤੋਂ ਕੋਈ ਬਿੱਲ ਅਦਾ ਕੀਤਾ ਹੈ, ਜਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਇਸ ਪਿੰਡ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਣ ਇਸ ਪਿੰਡ ‘ਚ ਪਾਣੀ ਦੀ ਸਪਲਾਈ ਬੰਦ ਹੋਈ ਹੈ।