ਜ਼ਿਲ੍ਹਾ ਕਾਂਗਰਸ ਨੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਸ਼ਾਸਨਿਕ ਕੰਪਲੈਕਸ ਅੱਗੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

Sunday, Apr 03, 2022 - 03:34 PM (IST)

ਜ਼ਿਲ੍ਹਾ ਕਾਂਗਰਸ ਨੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਸ਼ਾਸਨਿਕ ਕੰਪਲੈਕਸ ਅੱਗੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

ਜਲੰਧਰ (ਚੋਪੜਾ)–ਜ਼ਿਲ੍ਹਾ ਕਾਂਗਰਸ ਵੱਲੋਂ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਅਤੇ ਲਗਾਤਾਰ ਵਧਦੀ ਮਹਿੰਗਾਈ ਦੇ ਵਿਰੋਧ ਵਿਚ ਪ੍ਰਸ਼ਾਸਨਿਕ ਕੰਪਲੈਕਸ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਲਾਇਆ ਿਗਆ। ਇਸ ਤੋਂ ਪਹਿਲਾਂ ਕਾਂਗਰਸ ਭਵਨ ਿਵਚ ਇਕੱਠੇ ਹੋਏ ਵਰਕਰ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ, ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਨਿੰਮਾ, ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਡਾ. ਜਸਲੀਨ ਸੇਠੀ, ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਵਿਚ ਰੋਸ ਮਾਰਚ ਕੱਢਦੇ ਹੋਏ ਪ੍ਰਦਰਸ਼ਨ ਸਥਾਨ ’ਤੇ ਪਹੁੰਚੇ। ਪ੍ਰਦਰਸ਼ਨ ਵਿਚ ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਅਮਰਜੀਤ ਸਮਰਾ, ਮੇਅਰ ਜਗਦੀਸ਼ ਰਾਜਾ ਆਦਿ ਵੀ ਸ਼ਾਮਲ ਹੋਏ।

ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਮ ਆਦਮੀ ਲਈ ਰੋਟੀ, ਕੱਪੜਾ ਤੇ ਮਕਾਨ ਹੀ ਮੁੱਖ ਲੋੜਾਂ ਹੁੰਦੀਆਂ ਹਨ ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਅੱਜ ਆਮ ਆਦਮੀ ਨੂੰ ਆਪਣਾ ਅਤੇ ਪਰਿਵਾਰ ਦਾ ਢਿੱਡ ਭਰਨ ਦੇ ਲਾਲੇ ਪੈ ਗਏ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਪਹਿਲਾਂ ਸੂਬੇ ਦਾ ਜੀ. ਐੱਸ. ਟੀ. ਰਿਫੰਡ ਨਹੀਂ ਦਿੱਤਾ, ਫਿਰ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿਚ ਹਿੱਸੇਦਾਰੀ ਖਤਮ ਅਤੇ ਹੁਣ ਚੰਡੀਗੜ੍ਹ ਦਾ ਹਿੱਸਾ ਖਤਮ ਪਰ ਮੋਦੀ ਸਰਕਾਰ ਸਿਰਫ ਹਿੰਦੂਤਵ ਦੀ ਗੱਲ ਕਰ ਕੇ ਲੋਕਾਂ ਦਾ ਧਿਆਨ ਹੋਰਨਾਂ ਮੁੱਦਿਆਂ ਤੋਂ ਹਟਾ ਰਹੀ ਹੈ। ਮੰਚ ਸੰਚਾਲਨ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ਇੰਚਾਰਜ ਨੰਬਰਦਾਰ ਹਰਪਾਲ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਵੰਦਨਾ ਮਹਿਤਾ, ਮਨਜੀਤ ਿਸੰਘ ਸਰੋਆ, ਕੌਂਸਲਰ ਪ੍ਰਭਦਿਆਲ ਭਗਤ, ਮੁਕੇਸ਼ ਵਰਮਾ, ਮੁਖਤਿਆਰ ਹੇਅਰ ਮੈਂਬਰ ਜ਼ਿਲਾ ਪ੍ਰੀਸ਼ਦ, ਸਰਪੰਚ ਅਮਰਜੀਤ ਮਠਾਰੂ, ਸਰਪੰਚ ਰਜਨੀਸ਼ ਗੌਤਮ, ਤਰਨਜੀਤ ਬਿੱਲਾ ਸਰੀਂਹ, ਸਰਪੰਚ ਤਿਲਕ ਰਾਜ, ਸਰਪੰਚ ਕੁੰਦਨ ਲਾਲ, ਗੁਰਵਿੰਦਰ ਭੱਟੀ, ਗੁਰਪ੍ਰੀਤ ਬੌਬੀ, ਸੁਰਿੰਦਰ ਸਿੰਘ ਕੈਰੋਂ, ਗੁਰਪ੍ਰੀਤ ਿਸੱਧੂ, ਤਰਸੇਮ ਲਖੋਤਰਾ, ਯਸ਼ਪਾਲ ਸਫਰੀ ਆਦਿ ਮੌਜੂਦ ਸਨ।

PunjabKesari
 
ਕਾਂਗਰਸੀਆਂ ਨੇ ਕੇਂਦਰ ਸਰਕਾਰ ਦੀ ਬਜਾਏ ਕਾਂਗਰਸੀ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਲਿਆ ਲੰਮੇ ਹੱਥੀਂ

ਅੱਜ ਕਾਂਗਰਸ ਦੇ ਧਰਨਾ-ਪ੍ਰਦਰਸ਼ਨ ਦੌਰਾਨ ਘੇਰਨਾ ਤਾਂ ਮੋਦੀ ਸਰਕਾਰ ਨੂੰ ਸੀ ਪਰ ਆਪਣੇ ਭਾਸ਼ਣ ਵਿਚ ਕਾਂਗਰਸ ਦੇ ਕਈ ਅਹੁਦੇਦਾਰਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਲੰਮੇ ਹੱਥੀਂ ਲਿਆ, ਜਿਸ ਨਾਲ ਪ੍ਰੋਗਰਾਮ ਵਿਚ ਬੈਠੇ ਸੀਨੀਅਰ ਆਗੂਆਂ ਦੇ ਜਿਵੇਂ ਇਕ ਤਰ੍ਹਾਂ ਹੋਸ਼ ਹੀ ਉੱਡ ਗਏ। ਇਕ ਤੋਂ ਬਾਅਦ ਇਕ ਬੁਲਾਰਿਆਂ ਵੱਲੋਂ ਵਿਧਾਇਕਾਂ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲਾਉਣ ਨਾਲ ਸਥਿਤੀ ਬਹੁਤ ਮਜ਼ਾਹੀਆ ਹੁੰਦੀ ਦਿਸੀ, ਜਦੋਂ ਕਈ ਆਗੂ ਅਹੁਦੇਦਾਰਾਂ ਨੂੰ ਵਾਰ-ਵਾਰ ਅਜਿਹੀਆਂ ਗੱਲਾਂ ਨਾ ਕਰਨ ਅਤੇ ਉਨ੍ਹਾਂ ਦੇ ਭਾਸ਼ਣ ਨੂੰ ਵਿਚਾਲਿਓਂ ਹੀ ਟੋਕਦਿਆਂ ਉਨ੍ਹਾਂ ਨੂੰ ਸਿਰਫ ਮਹਿੰਗਾਈ ਦੇ ਮੁੱਦੇ ’ਤੇ ਹੀ ਬੋਲਣ ’ਤੇ ਹੀ ਸਮਝਾਉਂਦੇ ਰਹੇ। ਜਿਸ ਨਾਲ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਕਾਫੀ ਕਿਰਕਿਰੀ ਵੀ ਹੋਈ।

ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਦੀਨਾਨਾਥ ਘਈ ਨੇ ਕਿਹਾ ਕਿ ਉਂਝ ਤਾਂ ਸਾਰੇ ਆਗੂ ਕਹਿੰਦੇ ਹਨ ਕਿ ਕਾਂਗਰਸ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਪਰ ਕਾਂਗਰਸੀ ਵਰਕਰ ਤਾਂ ਮਿੰਨਤਾਂ ਕਰਨ ਨੂੰ ਰਹਿ ਗਏ ਹਨ। ਜ਼ਿਲ੍ਹਾ ਉਪ ਪ੍ਰਧਾਨ ਨਿਰਮਲ ਸਿੰਘ ਗਾਖਲ ਨੇ ਸੰਸਦ ਮੈਂਬਰ ਅਤੇ ਵਿਧਾਇਕਾਂ ’ਤੇ ਵਿਅੰਗ ਕਰਦਿਆਂ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਸਾਰੇ ਇਕੱਠੇ ਹੋਏ ਹਨ। ਸਾਨੂੰ ਸਰਕਾਰਾਂ ਖ਼ਿਲਾਫ਼ ਲੜਨਾ ਵੀ ਚਾਹੀਦਾ ਹੈ ਪਰ ਲੜਾਈ ਉਦੋਂ ਹੀ ਹੋਵੇਗੀ, ਜਦੋਂ ਸਾਡਾ ਇਕੱਠ ਇਥੇ ਦਿਸੇਗਾ। ਸਾਡੇ ਜ਼ਿਲ੍ਹੇ ਦੇ 9 ਵਿਧਾਇਕ ਅਤੇ ਹਲਕਾ ਇੰਚਾਰਜ ਹਨ। ਇਹ ਦੱਸੋ ਕਿ ਉਨ੍ਹਾਂ ਵਿਚੋਂ ਕਿੰਨੇ ਇਥੇ ਆਏ ਹਨ। ਜੇਕਰ ਵਿਧਾਇਕ ਹੋਣਗੇ, ਉਨ੍ਹਾਂ ਨਾਲ ਜਨਤਾ ਆਵੇਗੀ ਅਤੇ ਧਰਨੇ ਕਾਮਯਾਬ ਹੋਣਗੇ।

ਅੱਜ ਧਰਨੇ ਵਿਚ ਜਨਤਾ ਇਸ ਲਈ ਨਹੀਂ ਦਿਸਦੀ ਕਿ ਸਾਡੇ ਵਿਧਾਇਕਾਂ ਨੇ ਵਰਕਰਾਂ ਨਾਲ ਕਦੀ ਪਿਆਰ ਹੀ ਨਹੀਂ ਰੱਖਿਆ। ਵਰਕਰਾਂ ਨਾਲ ਕੰਮ ਹੀ ਨਹੀਂ ਕੀਤੇ। ਵਿਧਾਇਕ ਹੀ ਦੱਸਣ ਕਿ ਉਨ੍ਹਾਂ ਵਰਕਰਾਂ ਲਈ ਕੀ ਕੀਤਾ। ਕਿਸੇ ਐੱਮ. ਐੱਲ. ਏ. ਨੇ ਕਿਸੇ ਵਰਕਰ ਦਾ ਹੱਥ ਨਹੀਂ ਫੜਿਆ। ਇਹੀ ਕਾਰਨ ਹੈ ਕਿ ਜਨਤਾ ਨੇ 2017 ਵਿਚ ਜਿੱਤੇ 77 ਵਿਧਾਇਕਾਂ ਵਿਚੋਂ ਵਧੇਰੇ ਨੂੰ ਘਰਾਂ ਵਿਚ ਬਿਠਾ ਿਦੱਤਾ ਹੈ।

 ਕਾਂਗਰਸ ਦੇ ਰਾਜ ’ਚ ਚੇਅਰਮੈਨੀਆਂ ਅਤੇ ਮਲਾਈਦਾਰ ਅਹੁਦੇ ਲੈਣ ਵਾਲੇ ਆਗੂ ਧਰਨੇ ਵਿਚੋਂ ਰਹੇ ਗਾਇਬ
ਸਾਲ 2017 ਤੋਂ 2022 ਤੱਕ ਕਾਂਗਰਸ ਦੇ 5 ਸਾਲਾਂ ਕਾਰਜਕਾਲ ਵਿਚ ਵੱਖ-ਵੱਖ ਵਿਭਾਗਾਂ ਦੀਆਂ ਚੇਅਰਮੈਨੀਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਡਾਇਰੈਕਟਰ ਤੇ ਮੈਂਬਰ ਮਲਾਈਦਾਰ ਅਹੁਦੇ ਹਾਸਲ ਕਰਨ ਵਾਲੇ ਲਗਭਗ ਸਾਰੇ ਆਗੂਆਂ ਨੇ ਅੱਜ ਜ਼ਿਲ੍ਹਾ ਕਾਂਗਰਸ ਦੇ ਧਰਨੇ ਤੋਂ ਆਪਣੀ ਦੂਰੀ ਬਣਾਈ ਰੱਖੀ।

 ਸੰਸਦ ਮੈਂਬਰ ਤੇ ਵਿਧਾਇਕ ਇਕ ਘੰਟੇ ਤੋਂ ਵੱਧ ਦੇਰੀ ਨਾਲ ਧਰਨੇ ’ਚ ਪੁੱਜੇ
ਜ਼ਿਲਾ ਕਾਂਗਰਸ ਦੇ ਧਰਨਾ-ਪ੍ਰਦਰਸ਼ਨ ਦਾ ਪ੍ਰੋਗਰਾਮ 11.30 ਵਜੇ ਦਾ ਰੱਖਿਆ ਗਿਆ ਸੀ ਪਰ ਨਿਰਧਾਰਿਤ ਸਮੇਂ ’ਤੇ ਸਿਰਫ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਮੇਅਰ ਜਗਦੀਸ਼ ਰਾਜਾ ਹੀ ਕਾਂਗਰਸ ਭਵਨ ਪੁੱਜੇ, ਜਦਕਿ ਸੰਸਦ ਮੈਂਬਰ ਚੌਧਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਇਕ ਘੰਟੇ ਤੋਂ ਵੱਧ ਦੇਰੀ ਨਾਲ ਧਰਨਾ ਸਥਾਨ ’ਤੇ ਪੁੱਜੇ, ਜਦਕਿ ਅੱਜ ਵੀ ਧਰਨੇ ਤੋਂ ਜਲੰਧਰ ਨਗਰ ਨਿਗਮ ਦੇ ਵਧੇਰੇ ਕੌਂਸਲਰਾਂ ਨੇ ਆਪਣੀ ਦੂਰੀ ਬਣਾਈ ਰੱਖੀ। ਕਈ ਸੀਨੀਅਰ ਅਹੁਦੇਦਾਰ ਤਾਂ ਪ੍ਰੋਗਰਾਮ ਵਿਚ ਵਰਕਰਾਂ ਦੀ ਨਾਮਾਤਰ ਹਾਜ਼ਰੀ ਤੋਂ ਕਾਫੀ ਨਾਰਾਜ਼ ਵੀ ਦਿਸੇ, ਹਾਲਾਂਕਿ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਵੱਲੋਂ ਨਾਲ ਲਿਆਂਦੇ ਸਮਰਥਕਾਂ ਨੇ ਕਾਂਗਰਸ ਦੇ ਹਾਲਾਤ ਦੀ ਕੁਝ ਇੱਜ਼ਤ ਬਚਾਈ।


author

Manoj

Content Editor

Related News