ਜਲੰਧਰ: ਜ਼ਿਲ੍ਹਾ ਕਾਂਗਰਸ ਨੇ ਮਹਿੰਗਾਈ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Saturday, Aug 06, 2022 - 10:52 AM (IST)
 
            
            ਜਲੰਧਰ (ਚੋਪੜਾ)–ਜ਼ਿਲ੍ਹਾ ਕਾਂਗਰਸ ਕਮੇਟੀ ਨੇ ਦੇਸ਼ ਵਿਚ ਵਧਦੀ ਮਹਿੰਗਾਈ ਦੇ ਵਿਰੋਧ ਵਿਚ ਸ਼ੁੱਕਰਵਾਰ ਪ੍ਰਸ਼ਾਸਨਿਕ ਕੰਪਲੈਕਸ ਸਾਹਮਣੇ ਪੁੱਡਾ ਗਰਾਊਂਡ ਵਿਚ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਸਥਾਨਕ ਕਾਂਗਰਸ ਭਵਨ ਤੋਂ ਪੈਦਲ ਮਾਰਚ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਆਗੂ ਧਰਨਾ ਸਥਾਨ ਤੱਕ ਪਹੁੰਚੇ। ਇਸ ਦੌਰਾਨ ਮੇਅਰ ਜਗਦੀਸ਼ ਰਾਜਾ ਅਤੇ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਅੱਜ ਦੇਸ਼ ਵਿਚ ਮਹਿੰਗਾਈ ਸਿਖ਼ਰ ’ਤੇ ਹੈ। ਯੂ. ਪੀ. ਏ. ਸਰਕਾਰ ਦੇ ਕਾਰਜਕਾਲ ਦੌਰਾਨ 410 ਰੁਪਏ ਵਿਚ ਮਿਲਣ ਵਾਲਾ ਗੈਸ ਸਿਲੰਡਰ ਕੇਂਦਰ ਦੀ ਭਾਜਪਾ ਸ਼ਾਸਿਤ ਮੋਦੀ ਸਰਕਾਰ ਸਮੇਂ 1062 ਰੁਪਏ ਦਾ ਮਿਲ ਰਿਹਾ ਹੈ, ਜਦਕਿ ਪੈਟਰੋਲ ਜਿਹੜਾ ਕਿ 42 ਰੁਪਏ ਲਿਟਰ ਹੁੰਦਾ ਸੀ, ਉਸ ਦਾ ਰੇਟ ਵਧ ਕੇ 96 ਰੁਪਏ ਲਿਟਰ ਤੱਕ ਪਹੁੰਚ ਗਿਆ ਹੈ। ਗਰੀਬ ਅਤੇ ਆਮ ਜਨਤਾ 2 ਡੰਗ ਦੀ ਰੋਟੀ ਤੋਂ ਵੀ ਮੁਥਾਜ਼ ਹੈ।
ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੰਜੂ ਅਰੋੜਾ ਅਤੇ ਡਾ. ਮਨਜੀਤ ਸਿੰਘ ਸਰੋਆ ਨੇ ਕਿਹਾ ਕਿ ਅੱਜ ਦੇਸ਼ ਵਿਚ ਕੋਈ ਅਜਿਹੀ ਚੀਜ਼ ਨਹੀਂ ਬਚੀ, ਜਿਸ ’ਤੇ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਨਾ ਲਾਇਆ ਹੋਵੇ। ਹੁਣ ਮੋਦੀ ਸਰਕਾਰ ਨੇ ਆਟਾ ਅਤੇ ਦੁੱਧ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨੂੰ ਵੀ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤ ਖੋਸਲਾ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਕੁਝ ਪੂੰਜੀਪਤੀਆਂ ਅਤੇ ਵੱਡੇ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ
ਬਲਾਕ ਕਾਂਗਰਸ ਦੇ ਪ੍ਰਧਾਨ ਜਗਜੀਤ ਸਿੰਘ ਕੰਬੋਜ ਤੇ ਹਰੀਸ਼ ਢੱਲ ਨੇ ਕਿਹਾ ਕਿ ਇਕ ਸਮਾਂ ਸੀ ਪੈਟਰੋਲ-ਡੀਜ਼ਲ ਅਤੇ ਰਸੋਈ ਦੀ ਕੀਮਤ 5-10 ਰੁਪਏ ਵਧ ਜਾਂਦੀ ਸੀ ਤਾਂ ਭਾਜਪਾ ਦੇ ਸੀਨੀਅਰ ਆਗੂ ਅਰਧ ਨਗਨ ਹੋ ਕੇ ਸੜਕਾਂ ’ਤੇ ਉਤਰ ਕੇ ਕਾਂਗਰਸ ਦਾ ਵਿਰੋਧ ਕਰਨ ਲੱਗ ਜਾਂਦੇ ਸਨ ਪਰ ਅੱਜ ਆਪਣੀ ਹੀ ਸਰਕਾਰ ਦੇ ਫ਼ੈਸਲਿਆਂ ਦੇ ਬਾਵਜੂਦ ਭਾਜਪਾ ਆਗੂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਸ ਮੌਕੇ ਦਿਨੇਸ਼ ਸ਼ਰਮਾ, ਕੌਂਸਲਰ ਬਚਨ ਲਾਲ, ਕੌਂਸਲਰ ਮਿੰਟੂ ਜੁਨੇਜਾ, ਸੁਭਾਸ਼ ਮਲਹੋਤਰਾ, ਬਲਜੀਤ ਪੋਪੀ, ਅਮਰੀਕ ਸਿੰਘ ਕੇ. ਪੀ., ਸਤਬੀਰ ਸਿੰਘ ਪਰਮਾਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            