ਬੇਸਹਾਰਾ ਪਸ਼ੂਆਂ ਨਾਲ ਸੜਕ ਹਾਦਸਿਆਂ ਨੂੰ ਰੋਕਣ ਲਈ ਕੰਨਿਆਂਵਾਲੀ ਗਊਸ਼ਾਲਾ ਦੀ ਵਧੇਗੀ ਸਮਰੱਥਾ

12/30/2020 5:28:33 PM

ਜਲੰਧਰ (ਚੋਪੜਾ)— ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸਹਾਰਾ ਪਸ਼ੂਆਂ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਸ਼ਾਹਕੋਟ ਦੀ ਕੰਨਿਆਂਵਾਲੀ ਗਊਸ਼ਾਲਾ ਦੀ ਸਮਰੱਥਾ ਨੂੰ 500 ਤੋਂ ਵਧਾ ਕੇ 800 ਕੀਤਾ ਜਾਵੇਗਾ ਅਤੇ ਪਸ਼ੂਆਂ ਲਈ 14 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸ਼ੈੱਡ ਦਾ ਨਿਰਮਾਣ 15 ਜਨਵਰੀ ਤੱਕ ਮੁਕੰਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ ਵਿਚ ਹੋਈ ਵੀਡੀਓ ਕਾਨਫਰੰਸ ਵਿਚ ਭਾਗ ਲੈਂਦਿਆਂ ਦੱਸਿਆ ਕਿ ਨਵਾਂ ਸ਼ੈੱਡ ਪਸ਼ੂਆਂ ਦੇ ਬਿਹਤਰ ਪ੍ਰਬੰਧਨ ਦੇ ਨਾਲ-ਨਾਲ ਬਿਜਲੀ, ਚਾਰਾ, ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਜ਼ਰੂਰੀ ਸਹੂਲਤਾਂ ਨਾਲ ਲੈਸ ਹੋਵੇਗਾ। ਕੰਨਿਆਂਵਾਲਾ ਗਊਸ਼ਾਲਾ ਵਿਚ 3 ਕੈਟਲ ਸ਼ੈੱਡ ਹਨ, ਜਿਨ੍ਹਾਂ ’ਚ ਇਸ ਸਮੇਂ 519 ਪਸ਼ੂ ਹਨ।

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਘਨਸ਼ਾਮ ਥੋਰੀ ਨੇ ਕਿਹਾ ਕਿ ਇਸ ਨਵੇਂ ਸ਼ੈੱਡ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਜਲੰਧਰ ਵਿਚ ਇਕ ਹੋਰ ਗਊਸ਼ਾਲਾ ਦਾ ਨਿਰਮਾਣ ਕਰਨ ਲਈ ਢੁਕਵੀਂ ਜ਼ਮੀਨ ਲੱਭਣ ਲਈ ਦਿਹਾਤੀ ਵਿਕਾਸ ਅਤੇ ਪੰਚਾਇਤ ਮਹਿਕਮੇ ਅਤੇ ਨਗਰ ਨਿਗਮ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਨਾਲ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਜ਼ਰੂਰੀ ਪਸ਼ੂਆਂ ਨੂੰ ਸੜਕਾਂ ਤੋਂ ਇਥੇ ਲਿਆਉਣ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਪਸ਼ੂ ਪਾਲਣ ਮਹਿਕਮੇ ਨੂੰ ਹਾਦਸਿਆਂ ਨੂੰ ਰੋਕਣ ਲਈ ਬੇਸਹਾਰਾ ਪਸ਼ੂਆਂ ਦੀਆਂ ਗਰਦਨਾਂ ’ਚ ਰੇਡੀਅਮ ਦੀਆਂ ਰਾਤ ਨੂੰ ਚਮਕਣ ਵਾਲੀਆਂ ਬੈਲਟਾਂ ਪਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂ ਨੂੰ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਸ਼ੁਰੂ ਕਰਨ ਲਈ ਕਿਹਾ, ਜਿਥੇ ਉਹ ਬੇਸਹਾਰਾ ਪਸ਼ੂਆਂ ਸਬੰਧੀ ਜਾਣਕਾਰੀ ਦੇ ਸਕਣ।

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

ਮੀਟਿੰਗ ’ਚ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਇਕ ਜਨਵਰੀ 2020 ਤੋਂ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਬਿਨਾਂ ਹੈਲਮੇਟ 44196 ਚਲਾਨ, ਓਵਰ ਸਪੀਡ ਲਈ 441 ਚਲਾਨਾਂ ਤੋਂ ਇਲਾਵਾ ਟ੍ਰਿਪਲ ਸਵਾਰੀ ਲਈ 1244 ਚਲਾਨ ਕੱਟੇ ਹਨ। ਇਸ ਮੌਕੇ ਏ. ਡੀ. ਸੀ. ਜਸਬੀਰ ਸਿੰਘ, ਐੱਸ. ਡੀ. ਐੱਮ. 2 ਰਾਹੁਲ ਸਿੰਧੂ, ਨਿਗਮ ਦੇ ਜੁਆਇੰਟ ਕਮਿਸ਼ਨਰ ਸ਼ਾਇਰੀ ਮਲਹੋਤਰਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮਹਿੰਦਰਪਾਲ, ਏ. ਸੀ. ਪੀ. ਟਰੈਫਿਕ ਹਰਵਿੰਦਰ ਸਿੰਘ ਭੱਲਾ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ: ਸਰੀਰ ਨੇ ਛੱਡ ਦਿੱਤੀ ਸੀ ਉਮੀਦ ਪਰ ਨਹੀਂ ਹਾਰੀ ਹਿੰਮਤ


shivani attri

Content Editor

Related News