ਬੰਦ ਦੇ ਬਾਵਜੂਦ ਅੱਜ ਵੀ ਜਾਰੀ ਰਹੇਗੀ ਬੱਸ ਸਰਵਿਸ, ਬੱਸਾਂ ਚੱਲਣ ਦੇ ਅੰਕੜੇ ’ਚ ਆਈ ਗਿਰਾਵਟ

08/30/2020 12:57:28 PM

ਜਲੰਧਰ (ਪੁਨੀਤ) – ਬੰਦ ਕਾਰਣ ਅੱਜ ਬੱਸਾਂ ਚੱਲਣ ਦੇ ਅੰਕੜੇ ਵਿਚ 100 ਦੇ ਕਰੀਬ ਬੱਸਾਂ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਕਈ ਰੂਟ ਖਾਲੀ ਰਹੇ। ਦੂਜੇ ਪਾਸੇ ਕਈ ਡਿਪੂਆਂ ਦੀਆਂ ਬੱਸਾਂ ਅੱਜ ਜਲੰਧਰ ਨਹੀਂ ਆਈਆਂ। ਬੀਤੇ ਦਿਨੀਂ 300 ਤੋਂ ਵੱਧ ਬੱਸਾਂ ਚੱਲੀਆਂ, ਜਦੋਂ ਕਿ ਅੱਜ 200 ਦੇ ਕਰੀਬ ਬੱਸਾਂ ਜਲੰਧਰ ਡਿਪੂ ਤੋਂ ਵੱਖ-ਵੱਖ ਰੂਟਾਂ ’ਤੇ ਰਵਾਨਾ ਹੋਈਆਂ। ਪੰਜਾਬ ਰੋਡਵੇਜ਼ ਦੀਆਂ 146 ਬੱਸਾਂ ਤੋਂ ਵਿਭਾਗ ਨੂੰ 1.53 ਲੱਖ ਦੀ ਕੁਲੈਕਸ਼ਨ ਹੋਈ, ਜਦੋਂ ਕਿ ਪੀ. ਆਰ. ਟੀ. ਸੀ. ਦੀਆਂ ਅੱਜ 20 ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਸਬੰਧਤ 64 ਬੱਸਾਂ ਚੱਲੀਆਂ।

ਬੰਦ ਕਾਰਣ ਕੁਝ ਲੋਕਾਂ ਨੂੰ ਬੱਸਾਂ ਚੱਲਣ ਬਾਰੇ ਜਾਣਕਾਰੀ ਦੀ ਕਮੀ ਹੈ ਪਰ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੱਸਾਂ ਚੱਲਣ ’ਤੇ ਕੋਈ ਪਾਬੰਦੀ ਨਹੀਂ ਹੈ। ਰੋਡਵੇਜ਼ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਬੰਦ ਦੇ ਬਾਵਜੂਦ ਬੱਸ ਸਰਵਿਸ ਜਾਰੀ ਰਹੇਗੀ। ਸਿਰਫ ਉਨ੍ਹਾਂ ਰੂਟਾਂ ’ਤੇ ਬੱਸਾਂ ਨੂੰ ਰਵਾਨਾ ਕੀਤਾ ਜਾਵੇਗਾ, ਜਿਨ੍ਹਾਂ ’ਤੇ ਯਾਤਰੀਆਂ ਦੀ ਗਿਣਤੀ 20 ਦੇ ਨੇੜੇ-ਤੇੜੇ ਹੋਵੇਗੀ। ਅੱਜ ਜਿਹੜੇ ਰੂਟ ਖਾਲੀ/ਠੰਡੇ ਰਹੇ, ਉਨ੍ਹਾਂ ਵਿਚ ਜਗਰਾਓਂ ਤੇ ਪੱਟੀ ਮੁੱਖ ਹਨ, ਜਿਨ੍ਹਾਂ ’ਤੇ ਕੋਈ ਬੱਸ ਰਵਾਨਾ ਨਹੀਂ ਹੋਈ। ਤਰਨਤਾਰਨ ਦੀਆਂ 2 ਬੱਸਾਂ ਵਿਚ 8 ਅਤੇ ਫਿਰੋਜ਼ਪੁਰ ਦੀ ਇਕ ਬੱਸ ਵਿਚ 5 ਯਾਤਰੀਆਂ ਨੇ ਸਫਰ ਕੀਤਾ। ਮੋਗਾ ਦੀਆਂ 4 ਬੱਸਾਂ ਵਿਚ 35 ਅਤੇ ਹੁਸ਼ਿਆਰਪੁਰ ਦੀਆਂ 11 ਬੱਸਾਂ ਵਿਚ 57 ਯਾਤਰੀ ਰਵਾਨਾ ਹੋਏ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਰੂਟਾਂ ’ਤੇ ਜਾਣ ਲਈ ਯਾਤਰੀਆਂ ਨੂੰ ਕਾਫੀ ਸਮਾਂ ਬੱਸਾਂ ਦੀ ਉਡੀਕ ਕਰਨੀ ਪਈ।

PunjabKesari

ਛੁੱਟੀ ਕਾਰਣ ਚੰਡੀਗੜ੍ਹ ਰੂਟ ’ਤੇ ਰੁਟੀਨ ਵਾਂਗ ਰਿਸਪਾਂਸ ਨਹੀਂ

ਕੰਮਕਾਜੀ ਦਿਨ ’ਤੇ ਚੰਡੀਗੜ੍ਹ ਰੂਟ ਸਭ ਤੋਂ ਵੱਧ ਰੁਝੇਵੇਂ ਵਾਲਾ ਹੁੰਦਾ ਹੈ ਪਰ ਅੱਜ ਸਰਕਾਰੀ ਛੁੱਟੀ ਹੋਣ ਕਾਰਣ ਇਸ ਰੂਟ ’ਤੇ ਵੀ ਰੁਟੀਨ ਵਾਂਗ ਰਿਸਪਾਂਸ ਦੇਖਣ ਨੂੰ ਨਹੀਂ ਮਿਲਿਆ। ਇਸ ਰੂਟ ’ਤੇ ਦੂਸਰੇ ਸ਼ਹਿਰਾਂ ਤੋਂ ਆਈਆਂ ਬੱਸਾਂ ਵਿਚ ਨਵਾਂਸ਼ਹਿਰ ਲਈ 5, ਮੋਹਾਲੀ ਲਈ 9, ਜਦੋਂ ਕਿ ਰੋਪੜ ਲਈ 8 ਬੱਸਾਂ ਹੀ ਰਵਾਨਾ ਕੀਤੀਆਂ ਗਈਆਂ। ਜਲੰਧਰ ਬੱਸ ਅੱਡੇ ’ਤੇ ਬਟਾਲਾ ਰੂਟ ਦੀਆਂ 20 ਦੇ ਲਗਭਗ ਬੱਸਾਂ ਆਉਂਦੀਆਂ ਹਨ ਪਰ ਅੱਜ ਸਿਰਫ 10 ਬੱਸਾਂ ਹੀ ਜਲੰਧਰ ਪਹੁੰਚੀਆਂ।
 


Harinder Kaur

Content Editor

Related News