ਨੰਬਰਦਾਰ ਕਤਲਕਾਂਡ: 29 ਘੰਟੇ ਦੇ ਧਰਨੇ ਤੋਂ ਬਾਅਦ ਮੰਨੀਆਂ ਗਈਆਂ ਪਰਿਵਾਰ ਦੀਆਂ ਮੰਗਾਂ

01/31/2023 12:38:36 AM

ਗੁਰਾਇਆ (ਮੁਨੀਸ਼ ਬਾਵਾ): ਬੀਤੇ ਦਿਨੀਂ ਪਿੰਡ ਵਿਚ ਠੀਕਰੀ ਪਹਿਰਾ ਦੇ ਰਹੇ ਨੰਬਰਦਾਰ ਰਾਮਗੋਪਾਲ ਸ਼ਰਮਾ ਦਾ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਪਿੰਡ ਲੱਖਣ ਪਾਲ ਵਿਚ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਸਨ। ਕਤਲ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਅੱਗੇ ਕੁੱਝ ਮੰਗਾਂ ਰਖਦਿਆਂ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਤਕਰੀਬਨ 29 ਘੰਟੇ ਚੱਲੇ ਧਰਨਾ ਪ੍ਰਦਰਸ਼ਨ ਤੋਂ ਬਾਅਦ ਏ.ਡੀ.ਸੀ. ਵਰਿੰਦਰਪਾਲ ਸਿੰਘ ਬਾਜਵਾ ਮੌਕੇ 'ਤੇ ਪਹੁੰਚੇ ਅਤੇ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਾਈਮਰੀ ਸਕੂਲ ਦਾ ਨਾਂ ਨੰਬਰਦਾਰ ਰਾਮਗੋਪਾਲ ਸ਼ਰਮਾ ਦੇ ਨਾਂ 'ਤੇ ਰੱਖਣ ਅਤੇ ਪਰਿਵਾਰ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦੇਣ ਲਈ ਸਰਕਾਰ ਨੂੰ ਨਾਂ ਭੇਜਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀ ਗੋਲ਼ੀ, ਸਹੁਰੇ ਨੂੰ ਵੀ ਕੀਤਾ ਜ਼ਖ਼ਮੀ

ਸਰਪੰਚ ਮੱਖਨ ਲਾਲ ਪੱਲਣ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ, ਜਿਸ ਤੋਂ ਬਾਅਦ ਰਾਮਗੋਪਾਲ ਸ਼ਰਮਾ ਦਾ ਸੰਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਨਸ਼ਾ ਤਸਕਰਾਂ 'ਤੇ ਕੇਸ ਦਰਜ ਹਨ, ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੀ ਵੀ ਮੰਗ ਰੱਖੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ ਪਿੰਡ ਲਖਨਪਾਲ ਨਸ਼ਿਆਂ ਲਈ ਮਸ਼ਹੂਰ ਪਿੰਡ ਮੰਨਿਆ ਜਾਂਦਾ ਹੈ। ਇਥੇ ਧੱੜਲੇ ਨਾਲ ਨਸ਼ੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ, ਜਿਸ ਦਾ ਹਮੇਸ਼ਾ ਲੰਬੜਦਾਰ ਰਾਮਗੋਪਾਲ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ। 28 ਜਨਵਰੀ ਦੀ ਰਾਤ ਜਦ ਉਹ ਪਿੰਡ ਵਿਚ ਠੀਕਰੀ ਪਹਿਰਾ ਦੇ ਰਹੇ ਸਨ ਤਾਂ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਲੋਕ ਆਏ, ਜਿਨ੍ਹਾਂ ਵੱਲੋਂ ਕਹੀ ਸਮੇਤ ਹੋਰ ਤੇਜ਼ਧਾਰ ਹਥਿਆਰਾਂ ਨਾਲ ਤਿੱਖੇ ਵਾਰ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਤਲ ਕਰਨ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਵੱਲੋਂ ਰਾਮਗੋਪਾਲ ਨੂੰ ਜੌਹਲ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News