ਫਰੀਦਕੋਟ ਵਿਚ ਜਾਰੀ ਹੋਏ ਸਖ਼ਤ ਹੁਕਮ, ਲਗਾਈਆਂ ਗਈਆਂ ਪਾਬੰਦੀਆਂ
Wednesday, Apr 30, 2025 - 04:10 PM (IST)

ਫਰੀਦਕੋਟ (ਚਾਵਲਾ) : ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਆਈ. ਏ. ਐੱਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਰੀਦਕੋਟ ’ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਇਹ ਸਾਰੇ ਆਦੇਸ਼ 18 ਜੂਨ 2025 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਨੁਸਾਰ ਫ਼ਰੀਦਕੋਟ ਵਿਚ ਵਿਆਹ ਸ਼ਾਦੀਆਂ, ਸਮਾਜਿਕ/ਧਾਰਮਿਕ ਸਮਾਰੋਹਾਂ, ਜਲਸੇ, ਮੈਰਿਜ ਪੈਲਿਸਾਂ ਆਦਿ ਵਿਚ ਆਮ ਜਨਤਾ ਵੱਲੋਂ ਹਵਾਈ ਫਾਇਰ ਕੀਤੇ ਜਾਂਦੇ ਹਨ, ਜਿਸ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਜ਼ਿਲ੍ਹਾ ਫ਼ਰੀਦਕੋਟ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਸਮਾਜਿਕ/ਧਾਰਮਿਕ ਸਮਾਰੋਹਾਂ, ਜਲਸੇ, ਧਰਨੇ/ਰੈਲੀਆਂ, ਮੈਰਿਜ ਪੈਲਿਸਾਂ ਆਦਿ ਵਿਚ ਹਵਾਈ ਫਾਇਰ ਕਰਨ ’ਤੇ ਪਾਬੰਦੀ ਲਾਈ ਗਈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਤੰਗਾਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਾਫੀ ਮਾਤਰਾ ਵਿਚ ਕੀਤੀ ਜਾਂਦੀ ਹੈ। ਚਾਈਨਾ ਡੋਰ ਸੂਤੀ ਧਾਗੇ ਤੋਂ ਹਟ ਕੇ ਪਲਾਸਟਿਕ ਦੀ ਬਣੀ ਹੁੰਦੀ ਹੈ ਜੋ ਕਾਫੀ ਮਜ਼ਬੂਤ ਹੁੰਦੀ ਹੈ, ਜਿਸ ਦੇ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉਂਗਲਾਂ ਕੱਟਣ, ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗਲ ਤੇ ਕੰਨ ਕੱਟਣ ਆਦਿ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਇਹ ਡੋਰ ਮਨੁੱਖੀ ਜਾਨਾਂ ਤੇ ਪਸ਼ੂ/ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਸ ਸਭ ਦੇ ਮੱਦੇਨਜ਼ਰ ਮੈਜਿਸਟ੍ਰੇਟ ਨੇ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਲਾਈ ਹੈ।
ਮੈਜਿਸਟ੍ਰੇਟ ਨੇ ਜ਼ਿਲ੍ਹਾ ਫ਼ਰੀਦਕੋਟ ਦੀ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਪੈਂਦੀਆਂ ਮਿਊਂਸੀਪਲ ਕਮੇਟੀਆਂ ਦੀ ਹਦੂਦ ਅੰਦਰ ਸਰਕਾਰੀ ਰਸਤਿਆਂ, ਚੌਂਕਾਂ ’ਚ ਹੋਰਡਿੰਗ ਲਾਉਣ (ਸਰਕਾਰ ਦੇ ਕੰਮਾਂ ਨੂੰ ਦਰਸਾਉਂਦੇ ਹੋਰਡਿੰਗ ਬੋਰਡਾਂ ਨੂੰ ਛੱਡ ਕੇ) ਪੂਰਨ ਤੌਰ ’ਤੇ ਪਾਬੰਦੀ ਰਹੇਗੀ।