ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਕਾਰਨ ਵਿਅਕਤੀ ਦੀ ਮੌਤ
Tuesday, Jun 11, 2019 - 11:25 PM (IST)

ਕਪੂਰਥਲਾ, (ਮਹਾਜਨ)- ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਪਿੰਡ ਹਮੀਰਾ ਦੇ ਕੋਲ ਕਾਰ ਅਤੇ ਸਾਈਕਲ 'ਚ ਟੱਕਰ ਹੋ ਗਈ ਜਿਸ ਦੇ ਨਤੀਜੇ ਵਜੋਂ ਸਾਈਕਲ ਚਾਲਕ ਦੀ ਮੌਤ ਹੋ ਗਈ। ਥਾਣਾ ਸੁਭਾਨਪੁਰ ਦੀ ਪੁਲਸ ਨੇ ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ 65 ਸਾਲਾ ਸ਼ਿੰਗਾਰਾ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਡੋਗਰਾਂਵਾਲ ਵਜੋਂ ਹੋਈ।
ਮ੍ਰਿਤਕ ਦੇ ਬੇਟੇ ਨਿਸ਼ਾਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਿਤਾ ਪਿੰਡ ਹਮੀਰਾ 'ਚ ਬਿਜਲੀ ਦਾ ਬਿੱਲ ਭੁਗਤਾਨ ਕਰਨ ਤੋਂ ਬਾਅਦ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਪਰਤ ਰਿਹਾ ਸੀ। ਜਦੋਂ ਪਿੰਡ ਦੇ ਕੋਲ ਪੁੱਜਾ ਤਾਂ ਸਾਈਕਲ ਦੇ ਅੱਗੇ ਪਸ਼ੂ ਆ ਗਿਆ। ਪਸ਼ੂ ਤੋਂ ਬਚਣ ਦੀ ਕੋਸ਼ਿਸ਼ 'ਚ ਸਾਈਕਲ ਦੂਜੇ ਪਾਸੇ ਮੋੜਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨਾਲ ਜਾ ਟਕਰਾਇਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ 'ਚ ਭੇਜਿਆ ਜਿਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਜਾਂਚ ਕਰ ਰਹੇ ਥਾਣਾ ਸੁਭਾਨਪੁਰ ਦੇ ਏ. ਐੱਸ. ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਬੇਟੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਹਾਦਸੇ 'ਚ ਅਚਾਨਕ ਮੌਤ ਹੋਈ ਹੈ।