ਹਮਲਾ ਕਰਨ ਤੇ ਲੁੱਟ ਦੇ ਮਾਮਲੇ ’ਚ ਤਿੰਨ ਖ਼ਿਲਾਫ਼ ਕੇਸ ਦਰਜ
Monday, Oct 06, 2025 - 04:17 PM (IST)

ਭੋਗਪੁਰ (ਸੂਰੀ)- ਥਾਣਾ ਭੋਗਪੁਰ ਪੁਲਸ ਵੱਲੋਂ ਹਸਪਤਾਲ ’ਚ ਜ਼ਖ਼ਮੀ ਇਕ ਨੌਜਵਾਨ ਦੇ ਬਿਆਨਾਂ ਹੇਠ ਦੋ ਨਿਹੰਗ ਸਿੰਘਾਂ ਸਮੇਤ ਤਿੰਨ ਲੋਕਾਂ ਖਿਲਾਫ ਜਾਨੋ ਮਾਰਨ ਦੀ ਕੋਸ਼ਿਸ਼ ਅਤੇ ਹੋਰ ਵੱਖ-ਵੱਖ ਗੰਭੀਰ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਭੋਗਪੁਰ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੁਖਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸੂਸਾਣਾ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਭੋਗਪੁਰ ਵਿਚ ਏ. ਸੀ. ਸਰਵਿਸ ਦਾ ਕੰਮ ਕਰਦਾ ਹੈ। ਦੁਸਹਿਰੇ ਵਾਲੇ ਦਿਨ ਉਹ ਨਿਹੰਗ ਸਿੰਘ ਜਥੇਬੰਦੀ, ਜਿਸ ਦੇ ਮੁਖੀ ਨਵਾਬ ਦਵਿੰਦਰ ਸਿੰਘ ਜੀ ਅਕਾਲੀ ਦਲ ਦੇ ਜਥੇ ਵੱਲੋਂ ਦੁਸਹਿਰੇ ਦੇ ਸੰਬੰਧ ਵਿਚ ਮਹੱਲਾ ਕੱਢਿਆ ਜਾ ਰਿਹਾ ਸੀ, ਜਿਸ ਵਿਚ ਮੈਂ ਵੀ ਸ਼ਾਮਲ ਸੀ। ਮੁਹੱਲਾ ਕੱਢਣ ਤੋਂ ਬਾਅਦ ਜਦੋਂ ਮੈਂ ਜਥੇ ਨਾਲ ਆਰਜੀ ਰਿਹਾਇਸ਼ ਪਿੰਡ ਲੜੋਈ ਨੇੜੇ ਪੁੱਜਾ ਤਾਂ ਇਕ ਨਿਹੰਗ ਸਿੰਘ ਵੱਲੋਂ ਮੈਨੂੰ ਆਪਣੇ ਘੋੜੇ ਦੀਆਂ ਲਗਾਮਾਂ ਫੜਾ ਦਿੱਤੀਆਂ। ਜਦੋਂ ਮੈਂ ਜਥੇ ਦੇ ਪਿੱਛੇ-ਪਿੱਛੇ ਅੰਬਾਂ ਵਾਲਾ ਬਾਗ ਲੜੋਈ ਵਿਖੇ ਪੁੱਜਾ ਤਾਂ ਗੁਰਕੀਰਤ ਸਿੰਘ ਅਤੇ ਕਮਲਪ੍ਰੀਤ ਸਿੰਘ, ਜੋ ਨਿਹੰਗ ਸਿੰਘ ਹਨ, ਨੇ ਮੈਨੂੰ ਫੜ ਲਿਆ ।
ਇਹ ਵੀ ਪੜ੍ਹੋ: ਜਲੰਧਰ 'ਚ ਨਸ਼ਾ ਛੁਡਾਊ ਕੇਂਦਰ ਤੋਂ ਭੱਜੇ ਦੋ ਨੌਜਵਾਨਾਂ ਦੀ 'ਚ ਮੌਤ, ਸੜਕ ਤੋਂ ਮਿਲੀਆਂ ਲਾਸ਼ਾਂ
ਗੁਰਕੀਰਤ ਸਿੰਘ ਨੇ ਆਪਣੀ ਦਸਤੀ ਕਿਰਪਾਨ ਦਾ ਵਾਰ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਸਿਰ ’ਤੇ ਕੀਤਾ ਪਰ ਮੈਂ ਆਪਣੇ ਬਚਾਅ ਲਈ ਆਪਣੀ ਬਾਂਹ ਅੱਗੇ ਕਰ ਦਿੱਤੀ, ਜੋ ਮੇਰੇ ਗੁੱਟ ’ਤੇ ਲੱਗੀ, ਜਿਸ ਕਾਰਨ ਮੇਰਾ ਗੁੱਟ ਗੰਭੀਰ ਜ਼ਖ਼ਮੀ ਹੋ ਗਿਆ। ਗੁਰਕੀਰਤ ਸਿੰਘ ਨੇ ਆਪਣੀ ਕਿਰਪਾਨ ਨਾਲ ਦੂਜਾ ਵਾਰ ਮੇਰੇ ’ਤੇ ਕੀਤਾ, ਜੋ ਮੇਰੇ ਸਿਰ ’ਤੇ ਬੰਨੇ ਦੁਮਾਲੇ ’ਤੇ ਜਾ ਲੱਗਾ ਪਰ ਮੇਰੇ ਸਿਰ ਦਾ ਬਚਾਅ ਹੋ ਗਿਆ। ਕਮਲਪ੍ਰੀਤ ਸਿੰਘ ਨੇ ਆਪਣੇ ਦਸਤੀ ਨੇਜੇ ਦਾ ਵਾਰ ਮੇਰੀ ਪਿੱਠ ਤੇ ਮੇਰੇ ਮੋਢੇ ’ਤੇ ਕੀਤਾ, ਜਿਨਾਂ ਨਾਲ ਹੋਰ ਦੋ ਹੋਰ ਨਿਹੰਗ ਸਿੰਘ ਵੀ ਸਨ।
ਇਨ੍ਹਾਂ ਸਾਰਿਆਂ ਨੇ ਮੈਨੂੰ ਫੜ ਲਿਆ ਤੇ ਮੇਰੇ ਗਲ ਵਿਚ ਪਾਈ ਹੋਈ ਚਾਂਦੀ ਦੀ ਚੇਨ, ਦੋ ਮੋਬਾਇਲ ਅਤੇ ਮੇਰਾ ਪਰਸ, ਜਿਸ ਵਿਚ 7,000 ਰੁਪਏ ਸਨ, ਮੇਰੀਆਂ ਜੇਬਾਂ ’ਚੋਂ ਧੱਕੇ ਨਾਲ ਕੱਢ ਲਏ। ਮੇਰੇ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੂੰ ਇਕੱਠਾ ਹੋਣਾ ਹੁੰਦੇ ਦੇਖ ਇਹ ਚਾਰੇ ਵਿਅਕਤੀ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ। ਪੁਲਸ ਵੱਲੋਂ ਪੀੜਤ ਦੇ ਬਿਆਨਾਂ ਹੇਠ ਇਕ ਅਣਪਛਾਤੇ ਵਿਅਕਤੀ, ਗੁਰਕੀਰਤ ਸਿੰਘ ਅਤੇ ਕਮਲਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ: ਜਲੰਧਰ ਦਾ ਨੌਜਵਾਨ ਫਰਾਂਸ 'ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ 'ਚ ਪਰਿਵਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8