ਗੁ. ਸ੍ਰੀ ਹੱਟ ਸਾਹਿਬ ਵਿਖੇ ਹੁੱਲੜਬਾਜ਼ੀ ਕਰਕੇ ਮਰਿਆਦਾ ਭੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ
Saturday, May 20, 2023 - 11:18 AM (IST)

ਸੁਲਤਾਨਪੁਰ ਲੋਧੀ (ਸੋਢੀ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਪ੍ਰਸਿੱਧ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀ ਲਖਬੀਰ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਪਿੰਡ ਸਰੂਪਵਾਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਬਕਾਇਦਾ ਗ੍ਰਿਫ਼ਤਾਰੀ ਪਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਖ਼ੁਸ਼ਪ੍ਰੀਤ ਸਿੰਘ (ਪ੍ਰੋਬੇਸ਼ਨਲ ਡੀ. ਐੱਸ. ਪੀ.) ਅਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਬਬਨਦੀਪ ਸਿੰਘ ਦੇ ਆਦੇਸ਼ ’ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਾਂਚ-ਪੜਤਾਲ ਵਿਚ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਲਖਬੀਰ ਸਿੰਘ ਵੀਰਵਾਰ ਸ਼ਾਮ ਗੁਰਦੁਆਰਾ ਹੱਟ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ, ਜਿੱਥੇ ਉਸ ਨੇ ਮੱਥਾ ਟੇਕਣ ਉਪਰੰਤ ਕੀਰਤਨ ਕਰ ਰਹੇ ਰਾਗੀ ਜਥੇ ਸਾਹਮਣੇ ਪੱਟ ’ਤੇ ਥਾਪੀ ਮਾਰਨੀ ਸ਼ੁਰੂ ਕਰ ਦਿੱਤੀ। ਜਿਉਂ ਹੀ ਉਹ ਗੁਰਦੁਆਰਾ ਸਾਹਿਬ ਦੇ ਜੰਗਲੇ ਨੇੜੇ ਆਉਣ ਲੱਗਾ ਤਾਂ ਮੌਕੇ ’ਤੇ ਮੌਜੂਦ ਗ੍ਰੰਥੀ ਸਿੰਘ ਅਤੇ ਸੇਵਾਦਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਸਿਰੀ ਸਾਹਿਬ ਕੱਢ ਕੇ ਗ੍ਰੰਥੀ ਦੀ ਬਾਂਹ ’ਤੇ ਮਾਰ ਦਿੱਤੀ। ਗ੍ਰੰਥੀ ਦੀ ਦਸਤਾਰ ਵੀ ਲੱਥ ਗਈ, ਜਿਸ ਤੋਂ ਬਾਅਦ ਹੋਰ ਸੰਗਤਾਂ ਦੇ ਸਹਿਯੋਗ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਦੇ ਵੀ ਸਿਵਲ ਹਸਪਤਾਲ ਤੋਂ ਮਲਮ ਪੱਟੀ ਕਰਵਾਈ ਗਈ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਅਗਰ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸੇਵਾਦਾਰ ਮੌਕੇ ’ਤੇ ਮੁਲਜ਼ਮ ਨੂੰ ਜਿਸਨੇ ਆਪਣਾ ਮੂੰਹ ਵੀ ਰੁਮਾਲ ਨਾਲ ਬੰਨ੍ਹਿਆ ਹੋਇਆ ਸੀ, ਨੂੰ ਨਾ ਫੜਦੇ ਤਾਂ ਦਰਬਾਰ ਸਾਹਿਬ ਵਿਖੇ ਉਹ ਹੋਰ ਬੇਅਦਬੀ ਵੀ ਕਰ ਸਕਦਾ ਸੀ। ਉਨ੍ਹਾਂ ਗ੍ਰੰਥੀ ਤੇ ਸੇਵਾਦਾਰ ਦੀ ਸ਼ਲਾਘਾ ਕਰਦੇ ਕਿਹਾ ਸਾਰੇ ਗੁਰਦੁਆਰਾ ਸਾਹਿਬਾਨ ਦੇ ਸਟਾਫ਼ ਨੂੰ ਚੌਕਸੀ ਰੱਖਣ ਦੀ ਅਪੀਲ ਕੀਤੀ । ਦੱਸਣਯੋਗ ਹੈ ਕਿ ਮੁਲਜ਼ਮ ਨੇ ਆਪਣੀ ਦਾੜੀ ਕੱਟੀ ਹੋਈ ਸੀ ਅਤੇ ਉਸ ਨੇ ਕਮੀਜ਼ ਹੇਠਾਂ ਦੀ ਸਿਰੀ ਸਾਹਿਬ ਵੀ ਪਾਈ ਹੋਈ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਵਿਖੇ ਆਪਣੀ ਮਰਜ਼ੀ ਅਨੁਸਾਰ ਕਦੇ ਕਦਾਈਂ ਸੇਵਾ ਕਰਨ ਵੀ ਆਉਂਦਾ ਸੀ ਅਤੇ ਅਕਸਰ ਵੱਖ-ਵੱਖ ਗੁਰਦੁਆਰਿਆਂ ਵਿਚ ਮੱਥਾ ਟੇਕਣ ਜਾਂਦਾ ਸੀ। ਪੁਲਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਪੜ੍ਹਾਈ ਦੇ ਨਾਲ-ਨਾਲ ਕਰੋ ਕਮਾਈ, 12 ਹਜ਼ਾਰ ਰੁਪਏ ਤੱਕ ਮਿਲੇਗਾ ਪ੍ਰਤੀ ਮਹੀਨਾ ਵਜ਼ੀਫਾ, ਜਾਣੋ ਕਿਵੇਂ