ਰੰਜਿਸ਼ ਕਾਰਣ ਦਫਤਰ ’ਚ ਦਾਖਲ ਹੋ ਕੇ ਫਾਈਨਾਂਸਰ ’ਤੇ ਜਾਨਲੇਵਾ ਹਮਲਾ
Thursday, Feb 27, 2020 - 10:20 AM (IST)

ਜਲੰਧਰ (ਵਰੁਣ)- ਬੁੱਧਵਾਰ ਰਾਤ ਜਸਵੰਤ ਨਗਰ ’ਚ ਕਰੀਬ ਅੱਧਾ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਇਕ ਫਾਈਨਾਂਸਰ ਦੇ ਦਫਤਰ ’ਚ ਦਾਖਲ ਹੋ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਹਮਲਾ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਹਮਲੇ ’ਚ ਜ਼ਖਮੀ ਹੋਏ ਫਾਈਨਾਂਸਰ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਪੁਲਸ ਨੇ ਗੜ੍ਹਾ ਦੇ ਰਹਿਣ ਵਾਲੇ ਵਿਜੇ ਸੋਂਧੀ ਸਮੇਤ ਅਣਪਛਾਤੇ ਲੋਕਾਂ ’ਤੇ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਕੇਸ ਦਰਜ ਕੀਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰ. 7 ਦੇ ਮੁਖੀ ਨਵੀਨਪਾਲ ਨੇ ਦੱਸਿਆ ਕਿ ਫਾਈਨਾਂਸਰ ਵਿੱਕੀ ਸਚਦੇਵਾ ਵਾਸੀ ਈਸ਼ਵਰ ਕਾਲੋਨੀ ਰਾਤ 8 ਵਜੇ ਆਪਣੇ ਦਫਤਰ ’ਚ ਬੈਠਾ ਹੋਇਆ ਸੀ ਤਾਂ ਇਸ ਦੌਰਾਨ ਅੱਧਾ ਦਰਜਨ ਦੇ ਕਰੀਬ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਦਫਤਰ ’ਚ ਦਾਖਲ ਹੋਏ ਅਤੇ ਆਉਂਦਿਆਂ ਹੀ ਵਿੱਕੀ ’ਤੇ ਹਮਲਾ ਕਰ ਦਿੱਤਾ।
ਵਿੱਕੀ ਸਚਦੇਵਾ ਨੂੰ ਖੂਨ ਨਾਲ ਲੱਥਪੱਥ ਕਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਵਿੱਕੀ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਥਾਣਾ ਨੰ. 7 ਦੀ ਪੁਲਸ ਨੇ ਜ਼ਖਮੀ ਵਿੱਕੀ ਦੇ ਬਿਆਨ ਦਰਜ ਕੀਤੇ। ਵਿੱਕੀ ਦਾ ਦੋਸ਼ ਹੈ ਕਿ ਉਸ ’ਤੇ ਹਮਲਾ ਗੜ੍ਹਾ ਵਾਸੀ ਵਿਜੇ ਸੋਂਧੀ ਨੇ ਕਰਵਾਇਆ ਹੈ ਕਿਉਂਕਿ ਉਹ ਉਸ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ। ਇੰਸ. ਨਵੀਨ ਪਾਲ ਨੇ ਦੱਸਿਆ ਕਿ ਵਿਜੇ ਸਮੇਤ ਅਣਪਛਾਤੇ ਨੌਜਵਾਨਾਂ ’ਤੇ ਹੱਤਿਆ ਦੀ ਕੋਸ਼ਿਸ਼ ਕਰਨ ਸਬੰਧੀ ਕੇਸ ਦਰਜ ਕਰ ਲਿਆ ਹੈ। ਪੁਲਸ ਵਿਜੇ ਸੋਂਧੀ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕਰ ਰਹੀ ਹੈ।