ਅਲਾਟ ਕੀਤੇ ਪਲਾਟ ਕਾਰਨ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ ਨੂੰ ਸ਼ੋਅਕਾਜ਼ ਨੋਟਿਸ ਜਾਰੀ

Friday, Apr 22, 2022 - 03:07 PM (IST)

ਜਲੰਧਰ (ਚੋਪੜਾ)–143.56 ਏਕੜ ਵਿਕਾਸ ਸਕੀਮ (ਸ਼ੰਕਰ ਗਾਰਡਨ, ਮਾਡਲ ਟਾਊਨ) ਵਿਚ ਸਾਬਕਾ ਕੈਬਨਿਟ ਮੰਤਰੀ ਦੇ ਖ਼ਾਸਮ-ਖ਼ਾਸ ਕਾਂਗਰਸੀ ਕੌਂਸਲਰ ਨੂੰ ਨਿਯਮਾਂ ਦੇ ਉਲਟ ਅਲਾਟ ਕੀਤੇ ਪਲਾਟ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਇਸ ਪਲਾਟ ਨੂੰ ਅਲਾਟ ਕਰਨ ਵਿਚ ਵਰਤੀ ਗਈ ਬੇਨਿਯਮੀ ਨੂੰ ਲੈ ਕੇ ਤਤਕਾਲੀ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਲੋਕਲ ਬਾਡੀਜ਼ ਮਹਿਕਮੇ ਨੇ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਹੈ।

ਚੀਫ਼ ਵਿਜੀਲੈਂਸ ਅਧਿਕਾਰੀ ਲੋਕਲ ਬਾਡੀਜ਼ ਨੇ ਨੋਟਿਸ ਵਿਚ ਕਿਹਾ ਕਿ ਪਲਾਟ ਦੀ ਅਲਾਟਮੈਂਟ ਨੂੰ ਲੈ ਕੇ ਪ੍ਰਾਪਤ ਸ਼ਿਕਾਇਤ ਦੀ ਜਾਂਚ ਦੌਰਾਨ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਅਲਾਟ ਕੀਤੇ ਪਲਾਟਾਂ ਸਬੰਧੀ ਕੁਝ ਰਿਕਾਰਡ ਪ੍ਰਾਪਤ ਕੀਤਾ ਗਿਆ ਸੀ, ਜਿਸ ਵਿਚ ਪਲਾਟ ਨੰਬਰ 1424 ਵਿਕਾਸ ਸਕੀਮ 143.56 ਏਕੜ ਸਬੰਧੀ ਮਿਸਲ ਦੀ ਜਾਂਚ ਤੋਂ ਬਾਅਦ ਹੇਠ ਲਿਖੀਆਂ ਖ਼ਾਮੀਆਂ ਪਾਈਆਂ ਗਈਆਂ ਹਨ, ਜਿਸ ਉਪਰੰਤ ਪ੍ਰਮੁੱਖ ਸਕੱਤਰ ਲੋਕਲ ਬਾਡੀਜ਼ ਪੰਜਾਬ ਦੇ ਹੁਕਮ ਮਿਤੀ 18 ਅਪ੍ਰੈਲ 2022 ਜ਼ਰੀਏ ਤੁਹਾਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਦਿਆਂ ਹਦਾਇਤ ਦਿੱਤੀ ਜਾਂਦੀ ਹੈ ਕਿ ਇਸ ਸਬੰਧੀ ਆਪਣਾ ਜਵਾਬ 3 ਦਿਨਾਂ ਅੰਦਰ ਇਸ ਦਫ਼ਤਰ ਨੂੰ ਭੇਜੋ। ਨਿਰਧਾਰਿਤ ਸਮੇਂ ਵਿਚ ਜਵਾਬ ਨਾ ਮਿਲਣ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ

ਵਰਣਨਯੋਗ ਹੈ ਕਿ ਜਿਸ ਪਲਾਟ ਨੂੰ ਕਾਂਗਰਸੀ ਕੌਂਸਲਰ ਦੇ ਨਾਂ ਅਲਾਟ ਕੀਤਾ ਗਿਆ ਹੈ, ਇਸ ਰਿਹਾਇਸ਼ੀ ਪਲਾਟ ’ਤੇ ਕਮਰਸ਼ੀਅਲ ਨਿਰਮਾਣ ਵੀ ਕਰ ਲਿਆ ਗਿਆ ਹੈ, ਜਦੋਂ ਕਿ ਇਸ ਪਲਾਟ ’ਤੇ ਟਰੱਸਟ ਦੇ ਹੀ ਇਕ ਸੀਨੀਅਰ ਅਸਿਸਟੈਂਟ ਅਮਰਜੀਤ ਸਿੰਘ ਨੇ ਵੀ ਆਪਣਾ ਦਾਅਵਾ ਜਤਾਉਂਦਿਆਂ ਮਹਿਕਮੇ ਨੂੰ ਤਤਕਾਲੀ ਚੇਅਰਮੈਨ ਦਲਜੀਤ ਆਹਲੂਵਾਲੀਆ ਵੱਲੋਂ ਕੀਤੀ ਗਈ ਅਲਾਟਮੈਂਟ ਨੂੰ ਚੈਲੇਂਜ ਕਰਦਿਆਂ ਪੰਜਾਬ ਸਰਕਾਰ ਅਤੇ ਇੰਪਰੂਵਮੈਂਟ ਟਰੱਸਟ ਨੂੰ ਵੀ ਲੀਗਲ ਨੋਟਿਸ ਭੇਜਿਆ ਹੈ।

ਚੀਫ ਵਿਜੀਲੈਂਸ ਅਧਿਕਾਰੀ ਨੇ ਸ਼ੋਅਕਾਜ਼ ਨੋਟਿਸ ’ਚ ਇਨ੍ਹਾਂ 8 ਖ਼ਾਮੀਆਂ ਦਾ ਮੰਗਿਆ ਹੈ ਜਵਾਬ
1. ਪਲਾਟ ਨੰਬਰ 1424 ਦੀ ਮੁੱਖ ਫਾਈਲ ਜਿਸ ਵਿਚ ਰੋਹਿਤ ਸਹਿਗਲ ਨੂੰ ਪਲਾਟ ਅਲਾਟ ਕੀਤਾ ਗਿਆ ਸੀ, ਉਹ ਫਾਈਲ/ਰਿਕਾਰਡ ਅਜੇ ਤੱਕ ਤੁਹਾਡੇ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ।
2. ਇਸ ਫਾਈਲ ਵਿਚ 1424 ਏਰੀਆ 19 ਮਰਲਾ 179 ਵਰਗ ਫੁੱਟ ਦੱਸਿਆ ਗਿਆ ਹੈ।
3. ਇੰਪਰੂਵਮੈਂਟ ਟਰੱਸਟ ਦੀ ਸੇਲ ਬ੍ਰਾਂਚ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ ਇੰਜੀਨੀਅਰਿੰਗ ਬ੍ਰਾਂਚ ਦੀ ਰਿਪੋਰਟ ਅਨੁਸਾਰ ਮੌਕੇ ’ਤੇ 1424 ਤੇ ਪਲਾਟ ਦੇ ਨਾਲ ਤਿਕੋਣੀ ਜਗ੍ਹਾ ਲਗਭਗ 50 ਗਜ਼ ਹੈ ਪਰ ਮੁਹੱਈਆ ਕਰਵਾਏ ਰਿਕਾਰਡ ਵਿਚ ਇੰਜੀਨੀਅਰਿੰਗ ਬ੍ਰਾਂਚ ਦੀ ਇਹ ਰਿਪੋਰਟ ਮੌਜੂਦ ਨਹੀਂ ਹੈ।
4. ਸੇਲ ਬ੍ਰਾਂਚ/ਪ੍ਰਸਤਾਵ ਅਨੁਸਾਰ ਇਸ ਸਕੀਮ ਦਾ ਰਿਹਾਇਸ਼ੀ ਕੁਲੈਕਟਰ ਰੇਟ 137600 ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕੀਤਾ ਗਿਆ ਹੈ। ਇਸ ਸਬੰਧੀ ਮਿਸਲ ਵਿਚ ਕੋਈ ਦਸਤਾਵੇਜ਼ ਮੌਜੂਦ ਨਹੀਂ ਹੈ ਅਤੇ ਇਹ ਰੇਟ ਨਾ ਹੀ ਵੈਰੀਫਾਈ ਕੀਤਾ ਗਿਆ ਹੈ।
5. ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਮੁਹੱਈਆ ਕਰਵਾਏ ਗਏ ਰਿਕਾਰਡ ਮੁਤਾਬਕ ਪਹਿਲਾਂ ਸੇਲ ਬ੍ਰਾਂਚ ਨੇ ਲਗਭਗ 50 ਵਰਗ ਗਜ਼ ਜ਼ਮੀਨ ਦੇਣ ਸਬੰਧੀ ਲਿਖਿਆ ਹੈ ਪਰ ਇੰਪਰੂਵਮੈਂਟ ਟਰੱਸਟ ਵੱਲੋਂ ਪਾਏ ਗਏ ਪ੍ਰਸਤਾਵ ਨੰਬਰ 460, ਮਿਤੀ 25 ਨਵੰਬਰ 2020 ਨੂੰ ਇਸ ਥਾਂ ਦਾ ਖੇਤਰਫਲ 94 ਵਰਗ ਗਜ਼ ਲਿਖਿਆ ਗਿਆ ਹੈ, ਉਹ ਆਪਸ ਵਿਚ ਮੇਲ ਨਹੀਂ ਖਾਂਦੇ।
6. ਬਿਨੈਕਾਰ ਵੱਲੋਂ 94 ਵਰਗ ਗਜ਼ ਦੇ 596146 ਰੁਪਏ ਮਿਤੀ 8 ਫਰਵਰੀ 2021 ਨੂੰ ਭਰਵਾਏ ਗਏ। ਰਿਕਾਰਡ ਅਨੁਸਾਰ ਅਲਾਟਮੈਂਟ ਕਰਨ ਉਪਰੰਤ ਇੰਜੀਨੀਅਰਿੰਗ ਬ੍ਰਾਂਚ ਵੱਲੋਂ ਨਾਲ ਲੱਗਦੇ ਰਕਬੇ ਦੀ ਰਿਪੋਰਟ ਲਈ ਗਈ, ਜਿਸ ਅਨੁਸਾਰ ਇਹ ਖੇਤਰਫਲ 133.11 ਵਰਗ ਗਜ਼ ਹੋਣ ਸਬੰਧੀ ਦੱਸਿਆ ਗਿਆ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਬਿਨੈਕਾਰ ਕੋਲੋਂ ਬਾਕੀ ਬਚੇ 40 ਵਰਗ ਗਜ਼ ਦੇ ਮਿਤੀ 23 ਸਤੰਬਰ 2021 ਨੂੰ 258100 ਰੁਪਏ ਜਮ੍ਹਾ ਕਰਵਾਏ ਗਏ। ਇਹ ਪੁਰਾਣੇ ਰੇਟਾਂ ਅਨੁਸਾਰ ਭਰਵਾਏ ਗਏ ਜਾਂ ਨਵੇਂ ਰੇਟਾਂ ਅਨੁਸਾਰ ਇਸਦਾ ਕੋਈ ਜ਼ਿਕਰ ਨਹੀਂ।
7. ਲੇਅ ਆਊਟ ਪਲਾਨ ਅਨੁਸਾਰ ਇਹ ਇਲਾਕਾ 1425 ਨੰਬਰ ਪਲਾਟ ਦਾ ਹੈ। ਇਸ ਸਬੰਧ ਵਿਚ ਅਮਰਜੀਤ ਸਿੰਘ ਸੀਨੀਅਰ ਅਸਿਸਟੈਂਟ ਇੰਪਰੂਵਮੈਂਟ ਟਰੱਸਟ ਜਲੰਧਰ ਨੇ ਲਿਖਤੀ ਦਿੱਤਾ ਹੈ ਕਿ ਪਲਾਟ ਨੰਬਰ 1425 ਵਿਕਾਸ ਸਕੀਮ 143.56 ਏਕੜ ਜੋ ਕਿ ਉਨ੍ਹਾਂ ਦੇ ਨਾਂ ਰਿਜ਼ਰਵ ਕੀਤਾ ਗਿਆ, ਉਹ ਪਲਾਟ ਮੋਹਿਤ ਸਹਿਗਲ ਪੁੱਤਰ ਰਮੇਸ਼ ਸਹਿਗਲ ਨੂੰ ਪਲਾਟ ਨੰਬਰ 1424 ਦੇ ਨਾਲ ਲੱਗਦੇ ਵਾਧੂ ਇਲਾਕੇ ਵਜੋਂ ਅਲਾਟ ਕੀਤਾ ਗਿਆ ਸੀ, ਜਿਸ ਦਾ ਲੀਗਲ ਨੋਟਿਸ ਵਕੀਲ ਵੱਲੋਂ ਸਰਕਾਰ/ਟਰੱਸਟ ਨੂੰ ਜਾਰੀ ਕੀਤਾ ਜਾ ਚੁੱਕਾ ਹੈ।
8. ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਮੁਹੱਈਆ ਕਰਵਾਏ ਗਏ ਰਿਕਾਰਡ ਮੁਤਾਬਕ ਕਿਸੇ ਅਧਿਕਾਰੀ/ਕਰਮਚਾਰੀ ਵੱਲੋਂ ਇਹ ਰਿਪੋਰਟ ਨਹੀਂ ਕੀਤੀ ਗਈ ਕਿ 1425 ਨੰਬਰ ਪਲਾਟ ਦਾ ਖੇਤਰਫਲ ਹੈ (ਜੋ ਕਿ ਪਹਿਲਾਂ ਹੀ ਕਿਸੇ ਨੂੰ ਅਲਾਟ ਕੀਤਾ ਜਾ ਚੁੱਕਾ ਹੈ)। ਤੁਸੀਂ ਜਾਣਬੁੱਝ ਕੇ ਇਸ ਤੱਥ ਨੂੰ ਛੁਪਾ ਕੇ ਅਤੇ ਅਲਾਟੀ ਨਾਲ ਮਿਲੀਭੁਗਤ ਕਰ ਕੇ 1425 ਨੰਬਰ ਪਲਾਟ ਦਾ ਖੇਤਰਫਲ ਗਲਤ ਢੰਗ ਨਾਲ ਅਲਾਟ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ: ਨੂਰਪੁਰ ਬੇਦੀ ਵਿਖੇ ਨਾਬਾਲਗ ਕੁਆਰੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਜਾਂਚ 'ਚ ਜੁਟੀ ਪੁਲਸ

ਸਾਬਕਾ ਮੰਤਰੀ ਦੇ ਦਬਾਅ ’ਚ ਹੀ ਚੰਡੀਗੜ੍ਹ ਤੋਂ ਆਇਆ ਸੀ ਫਰਮਾਨ!
ਸੂਤਰਾਂ ਦੀ ਮੰਨੀਏ ਤਾਂ ਇਸ ਪਲਾਟ ਨੂੰ ਕਾਂਗਰਸੀ ਕੌਂਸਲਰ ਦੇ ਨਾਂ ’ਤੇ ਅਲਾਟ ਕਰਨ ਦਾ ਦਬਾਅ ਵੀ ਸਾਬਕਾ ਕੈਬਨਿਟ ਮੰਤਰੀ ਵੱਲੋਂ ਬਣਾਇਆ ਜਾਂਦਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਦੇ ਕਹਿਣ ’ਤੇ ਹੀ ਲੋਕਲ ਬਾਡੀਜ਼ ਮਹਿਕਮੇ ਦੇ ਸਕੱਤਰ ਵੱਲੋਂ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਇਸ ਪਲਾਟ ਦੀ ਅਲਾਟਮੈਂਟ ਕਰਨ ਬਾਰੇ ਪ੍ਰਸਤਾਵ ਪਾਸ ਕਰ ਕੇ ਚੰਡੀਗੜ੍ਹ ਭੇਜਣ ਸਬੰਧੀ ਫਰਮਾਨ ਜਾਰੀ ਹੋਇਆ ਸੀ।
ਇਸ ਤੋਂ ਬਾਅਦ ਹੀ ਉਸ ਸਮੇਂ ਦੇ ਟਰੱਸਟ ਚੇਅਰਮੈਨ ਅਤੇ ਅਧਿਕਾਰੀ ਨੇ ਪ੍ਰਸਤਾਵ ਪਾਸ ਕਰਕੇ ਚੰਡੀਗੜ੍ਹ ਭੇਜਿਆ ਸੀ ਅਤੇ ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਪਲਾਟ ਦੀ ਕਾਂਗਰਸੀ ਕੌਂਸਲਰ ਦੇ ਨਾਂ ’ਤੇ ਅਲਾਟਮੈਂਟ ਹੋਈ ਸੀ ਪਰ ਜੋ ਵੀ ਹੋਵੇ, ਹੁਣ ਤਤਕਾਲੀ ਚੇਅਰਮੈਨ ਦਾ ਜਵਾਬ ਹੀ ਇਸ ਸੱਚਾਈ ਤੋਂ ਪਰਦਾ ਚੁੱਕੇਗਾ। ਪਰ ਜੋ ਵੀ ਹੋਵੇ ਜੇਕਰ ਅਜਿਹਾ ਸੱਚ ਵਿਚ ਹੋਇਆ ਤਾਂ ਨਿਯਮਾਂ ਦੇ ਉਲਟ ਹੋਈ ਇਸ ਅਲਾਟਮੈਂਟ ਨੂੰ ਲੈ ਕੇ ਉੱਠੀਆਂ ਅੱਗ ਦੀਆਂ ਲਾਟਾਂ ਦੇ ਘੇਰੇ ਵਿਚ ਸਾਬਕਾ ਕੈਬਨਿਟ ਮੰਤਰੀ ਵੀ ਆ ਸਕਦੇ ਹਨ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News