ਭਾਜਪਾ ਵਲੋਂ ਦਲਿਤ ਵਿਦਿਆਰਥੀਆਂ ਦੇ ਹੱਕ ''ਚ ਕੱਢੀ ਗਈ ਯਾਤਰਾ ਸਿਰਫ ਡਰਾਮਾ : ਜਸਵੀਰ ਗੜ੍ਹੀ

10/22/2020 7:53:41 PM

ਜਲੰਧਰ- ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਭਾਜਪਾ ਵੱਲੋਂ ਦਲਿਤ ਵਿਦਿਆਰਥੀਆਂ ਦੇ ਹੱਕਾਂ ਵਿਚ ਕੱਢੀ ਗਈ ਯਾਤਰਾਂ ਨੂੰ ਡਰਾਮਾ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਦਲਿਤ ਪਛੜਾ ਅਤੇ ਘੱਟ ਗਿਣਤੀਆਂ ਵਿਰੋਧੀ ਰਹੀਆਂ ਹਨ। ਤਾਜ਼ਾ ਘਟਨਾ ਹਾਥਰਸ ਉੱਤਰ ਪ੍ਰਦੇਸ਼ ਦੀ ਮਨੀਸ਼ਾ ਵਾਲਮੀਕਿ ਦੇ ਬਲਾਤਕਾਰ ਦੀ ਘਟਨਾ ਹੈ, ਜਿਸ ਵਿਚ ਹਾਲੇ ਤਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਹਨ ਅਤੇ ਭਾਜਪਾ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਿਸ ਦਾ ਸਬੂਤ ਪੋਸਟ ਮਾਰਟਮ ਰਿਪੋਰਟ ਨਾਲ ਛੇੜਛਾੜ ਵੀ ਹੈ। ਜਦੋਂਕਿ ਪੰਜਾਬ ਦੀ ਭਾਜਪਾ ਨੇ ਅਜੇ ਤਕ ਦਲਿਤ ਮਨੀਸ਼ਾ ਵਾਲਮੀਕਿ ਦੇ ਹੱਕ ਵਿੱਚ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਉਪਰ ਗੜੀ ਨੇ ਕਿਹਾ ਕਿ ਭਾਜਪਾ ਅੱਤ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਵਾਲੀ ਝੂਠੀ ਪਾਰਟੀ ਹੈ। ਜੇਕਰ ਭਾਜਪਾ ਸੱਚੀ ਹੈ ਤਾਂ ਦੱਸੇ ਕਿ ਮੋਦੀ ਸਰਕਾਰ ਨੇ ਕੇਂਦਰ ਵੱਲੋਂ ਚਲਾਈ ਜਾ ਰਹੀ ਵਜੀਫਾ ਸਕੀਮ ਨੂੰ ਫੰਡਿੰਗ ਕਿਉਂ ਬੰਦ ਕੀਤੀ, ਜਿਸ ਦਾ ਸਬੂਤ 1650 ਸਿੱਖਿਆ ਸੰਸਥਾਵਾਂ ਦਾ 1850 ਕਰੋੜ ਹਾਲੀ ਤਕ ਬਕਾਇਆ ਹੈ। ਭਾਜਪਾ ਦੇ ਵਿਚਾਰਧਾਰਕ ਸੰਗਠਨ ਦਾ ਪੰਜਾਬ ਵਿਚ ਖੋਖਲਾਪਣ ਸਾਹਮਣੇ ਆ ਰਿਹਾ ਹੈ ਜੋਕਿ ਅੱਜ ਹਰ ਜਗ੍ਹਾ ਭਾਜਪਾ ਦੇ ਲੀਡਰ ਬਸਪਾ ਦੇ ਪ੍ਰਵਾਨਿਤ ਨਾਹਰੇ ਜੈ ਭੀਮ ਜੈ ਭਾਰਤ ਦੀ ਓਟ ਲੈਕੇ ਪੰਜਾਬ ਦੇ ਕਿਸਾਨਾਂ ਦੇ ਬਰਾਬਰ ਵਿਰੋਧ ਪ੍ਰਦਰਸ਼ਨ ਕਰਕੇ ਦਲਿਤਾਂ ਅਤੇ ਕਿਸਾਨਾਂ ਦਾ ਝਗੜਾ ਖੜਾ ਕਰਨ ਦੀਆਂ ਕੁਟਿਲ ਚਾਲਾਂ ਚੱਲ ਰਹੇ ਹਨ। ਗੜੀ ਨੇ ਕਿਹਾ ਕਿ ਅੱਜ ਬਸਪਾ ਪੰਜਾਬ ਦੀ ਤਾਕਤ ਇੰਨੀ ਵਧ ਚੁੱਕੀ ਹੈ ਕਿ ਭਾਜਪਾ ਦੇ ਲੀਡਰਾਂ ਦੀਆਂ ਜੁਬਾਨਾਂ ਵਿਚੋਂ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜਗ੍ਹਾ ਬਸਪਾ ਦੀ ਜੈ ਭੀਮ ਜੈ ਭਾਰਤ ਨਿਕਲ ਰਹੀ ਹੈ।

ਨਵਾਂਸਹਿਰ ਵਿਖੇ ਭਾਜਪਾ ਅਤੇ ਕਿਸਾਨਾਂ ਦੇ ਆਪਸੀ ਵਿਰੋਧ ਵਿਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਉਪਰ ਹਾਰ ਪਾਉਣ ਦੇ ਮੁੱਦੇ ਨੂੰ ਲੈ ਕੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਸਬੰਧੀ ਗੜੀ ਨੇ ਕਿਹਾ ਕਿ ਬਸਪਾ ਪੰਜਾਬ ਬਾਬਾ ਸਾਹਿਬ ਅੰਬੇਡਕਰ ਦਾ ਨਿਰਾਦਰ ਨਹੀਂ ਹੋਣ ਦੇਵੇਗੀ ਅਤੇ ਜੋ ਭਾਜਪਾ ਨੇ ਗੰਦੀ ਰਾਜਨੀਤੀ ਤੇ ਗੰਦੀ ਮਾਨਸਿਕਤਾ ਤਹਿਤ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਕੀਤਾ ਹੈ, ਉਸ ਨਾਲ ਬਾਬਾ ਸਾਹਿਬ ਦਾ ਜਿੱਥੇ ਭਾਜਪਾ ਨੇ ਅਪਮਾਨ ਕੀਤਾ ਹੈ, ਉਥੇ ਹੀ ਬੁੱਤ ਨੂੰ ਅਪਵਿੱਤਰ ਕੀਤਾ ਹੈ। ਬਸਪਾ 24 ਅਕਤੂਬਰ ਨੂੰ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਧੋਕੇ ਪਵਿਤਰ ਕਰੇਗੀ। ਓਹਨਾ ਕਿਹਾ ਕਿ ਬਸਪਾ ਪੰਜਾਬ ਵਿੱਚ ਭਾਜਪਾ ਨੂੰ ਹਰਾਉਣ ਲਈ ਭਾਜਪਾ ਨਾਲ ਸਿੱਧੀ ਟੱਕਰ ਲੈ ਰਹੀ ਹੈ ਜਿਸਦਾ ਨਤੀਜ਼ਾ 2022 ਵਿਚ ਪੰਜਾਬ ਦੇਖੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਸੂਬਾ ਸਕੱਤਰ ਬਲਜੀਤ ਸਿੰਘ ਭਾਰਾਪੁਰ, ਪਰਵੀਨ ਬੰਗਾ, ਹਰਬੰਸ ਲਾਲ ਚਣਕੋਆ, ਜਿਲਾ ਪ੍ਰਧਾਨ ਮਨੋਹਰ ਕਮਾਮ, ਜਸਵੀਰ ਔਲੀਅਪੁਰ, ਰਸ਼ਪਾਲ ਮਾਹਲੋਂ, ਜੈ ਪਾਲ ਸੁੰਡਾ, ਡਾ ਮਹਿੰਦਰ ਪਾਲ, ਨੀਲਮ ਸਹਿਜਲ, ਦਵਿੰਦਰ ਸਿਹਮਾਰ, ਮਨਜੀਤ ਆਲੋਵਾਲ, ਹਰਬਿਲਾਸ ਬਸਰਾ, ਵਿਜੈ ਮਾਜਰੀ, ਮਨੋਹਰ ਕਮਾਮ, ਭੁਪਿੰਦਰ ਬੇਗਮਪੁਰੀ, ਡਾ ਦੁੱਗਲ, ਡਾ ਰਾਜਿੰਦਰ ਲੱਕੀ, ਸਰਬਜੀਤ ਜਾਫਰਪੁਰ, ਮੁਕੇਸ਼ ਬਾਲੀ, ਸੁਭਾਸ਼ ਕੌਂਸਲਰ, ਰੇਸ਼ਮ ਮੀਰਪੁਰ, ਕਪਿਲ ਕੁਮਾਰ, ਮਿੰਦਰ ਸਿੰਘ ਨੀਲੋਵਾਲ, ਰਾਕੇਸ਼ ਰੋਰ, ਸੋਹਣ ਸਿੰਘ, ਮਾਸਟਰ ਪ੍ਰੇਮ ਰਤਨ,  ਸਤਪਾਲ ਲੰਗੜੋਆ, ਵਕੀਲ ਰਾਜ ਕੁਮਾਰ,  ਸਰਪੰਚ ਗਿਆਨ ਚੰਦ, ਹਰਮੇਸ਼ ਜ਼ਫਰਪੁਰ ਆਦਿ ਹਾਜ਼ਿਰ ਸਨ।
 


Deepak Kumar

Content Editor

Related News