ਸਾਈਕਲਿੰਗ ਦਾ ਸੰਦੇਸ਼ ਦੇਣ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਜਾ ਰਿਹੈ ਇਹ ਸ਼ਖਸ

Wednesday, Feb 19, 2020 - 05:27 PM (IST)

ਸਾਈਕਲਿੰਗ ਦਾ ਸੰਦੇਸ਼ ਦੇਣ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਜਾ ਰਿਹੈ ਇਹ ਸ਼ਖਸ

ਟਾਂਡਾ ਉੜਮੁੜ (ਪੰਡਿਤ)— ਉੜੀਸਾ ਦਾ ਰਹਿਣ ਵਾਲਾ 34 ਸਾਲਾ ਵੈਸਾਇਆ ਰਾਜੂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਆਪਣਾ ਨਾਂ ਦਰਜ ਕਰਵਾਉਣ ਅਤੇ ਸਾਈਕਲਿੰਗ ਕਰਨ ਦਾ ਸੰਦੇਸ਼ ਦੇਣ ਲਈ ਸ਼੍ਰੀਨਗਰ (ਕਸ਼ਮੀਰ) ਦੀ ਡੱਲ ਝੀਲ ਤੋਂ ਚੱਲਿਆ ਹੈ। ਉਹ ਕੰਨਿਆਕੁਮਾਰੀ ਤੱਕ 3600 ਕਿਲੋਮੀਟਰ ਲੰਬੀ ਯਾਤਰਾ ਦੌਰਾਨ ਸਾਈਕਲਿੰਗ ਕਰਦੇ ਬੀਤੇ ਦਿਨ ਟਾਂਡਾ ਪਹੁੰਚਿਆ। ਹੁਸ਼ਿਆਰਪੁਰ ਦੇ ਮਸ਼ਹੂਰ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਟਾਂਡਾ ਪਹੁੰਚਣ 'ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਉਸ ਦਾ ਹੌਸਲਾ ਵਧਾਉਣ ਲਈ ਉਸ ਨਾਲ ਸਾਈਕਲਿੰਗ ਕਰਦਿਆਂ ਜਲੰਧਰ ਵੱਲ ਰਵਾਨਾ ਹੋਏ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜੂ ਨੇ ਦੱਸਿਆ ਕਿ ਉਹ ਬੈਂਗਲੁਰੂ ਦੀ ਇਕ ਪ੍ਰਾਈਵੇਟ ਕੰਪਨੀ 'ਚ ਅਕਾਊਂਟੈਂਟ ਹੈ ਅਤੇ ਸਾਈਕਲਿੰਗ ਉਸ ਦਾ ਸ਼ੌਕ ਹੈ। ਕੁਝ ਸਮਾਂ ਪਹਿਲਾਂ ਉਸ ਦੇ ਮਨ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਯਾਤਰਾ ਰਿਕਾਰਡ ਸਮੇਂ 'ਚ ਪੂਰੀ ਕਰਨ ਦਾ ਖਿਆਲ ਆਇਆ। ਪਹਿਲਾਂ 8 ਦਿਨ 18 ਘੰਟੇ ਦਾ ਰਿਕਾਰਡ ਸੀ, ਜੋ ਹੁਣ ਉਹ 8 ਦਿਨਾਂ 'ਚ ਪੂਰੀ ਕਰਕੇ ਰਿਕਾਰਡ ਤੋੜਣ ਜਾ ਰਿਹਾ ਹੈ।

ਉਹ ਹੁਣ ਜਲੰਧਰ, ਲੁਧਿਆਣਾ, ਦਿੱਲੀ, ਆਗਰਾ, ਝਾਂਸੀ, ਸਾਗਰ, ਨਾਗਪੁਰ, ਹੈਦਰਾਬਾਦ, ਬੈਂਗਲੁਰੂ, ਸਲੇਮ ਅਤੇ ਮਦੁਰਾਈ ਹੁੰਦਿਆਂ ਕੰਨਿਆਕੁਮਾਰੀ ਪਹੁੰਚੇਗਾ। ਪੰਜਾਬੀਆਂ ਦੀ ਪ੍ਰਾਹੁਣਚਾਰੀ ਅਤੇ ਹਰ ਪਾਸੇ ਹਰਿਆਲੀ ਦੇਖ ਕੇ ਰਾਜੂ ਬੇਹੱਦ ਪ੍ਰਭਾਵਿਤ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਮੁੱਖ ਉਦੇਸ਼ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ 'ਸਾਈਕਲ ਚਲਾਓ, ਤੰਦਰੁਸਤ ਰਹੋ' ਦਾ ਸੰਦੇਸ਼ ਦੇਣਾ ਹੈ।


author

shivani attri

Content Editor

Related News