ਪਾਰਕ ਦਾ ਰਸਤਾ ਰੋਕ ਕੇ ਸੜਕ ’ਤੇ ਗੱਡੀਆਂ ਦੀ ਡੈਂਟਿੰਗ-ਪੇਂਟਿੰਗ ਕਰਨ ਵਾਲਿਆਂ ਖ਼ਿਲਾਫ਼ ਸੀ.ਪੀ. ਨੂੰ ਸ਼ਿਕਾਇਤ

01/06/2021 6:13:03 PM

ਜਲੰਧਰ(ਵਰੁਣ): ਪੁਲਸ ਲਾਈਨ ਰੋਡ ’ਤੇ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕਰਕੇ ਅਤੇ ਪਾਰਕ ਦਾ ਰਸਤਾ ਰੋਕ ਕੇ ਡੈਂਟਿੰਗ-ਪੇਂਟਿੰਗ ਅਤੇ ਰਿਪੇਅਰਿੰਗ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਪਾਰਕ ਡਿਵੈਲਪਮੈਂਟ ਐਂਡ ਵੈੱਲਫੇਅਰ ਸੋਸਾਇਟੀ ਵੱਲੋਂ ਦਿੱਤੀ ਗਈ ਹੈ। ਸੋਸਾਇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਦੇਣ ’ਤੇ ਵੀ ਦੁਕਾਨਦਾਰਾਂ ’ਤੇ ਐਕਸ਼ਨ ਨਹੀਂ ਲਿਆ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਹਰਸ਼ੰਤ ਡੋਗਰਾ ਨੇ ਦੱਸਿਆ ਕਿ ਪੁਲਸ ਲਾਈਨ ਰੋਡ ’ਤੇ 2 ਪਾਰਕ ਹਨ, ਜਿਨ੍ਹਾਂ ’ਚ ਉਨ੍ਹਾਂ ਦੀ ਸੋਸਾਇਟੀ ਨੇ ਨਗਰ ਨਿਗਮ ਦੀ ਅਪਰੂਵਲ ਤੋਂ ਬਾਅਦ ਡਿਵੈਲਪਮੈਂਟ ਦਾ ਕੰਮ ਕੀਤਾ ਸੀ। ਕੁਝ ਸਮਾਂ ਪਹਿਲਾਂ ਹੀ ਦੋਵਾਂ ਪਾਰਕਾਂ ’ਚ 35 ਬੂਟੇ ਲਗਾਏ ਗਏ ਸਨ ਜਦੋਂ ਕਿ ਮੰਗਲਵਾਰ ਨੂੰ ਵੀ 70 ਬੂਟੇ ਲਾਏ ਗਏ। ਇਸ ਦੇ ਉਲਟ ਡੈਂਟਿੰਗ-ਪੇਂਟਿੰਗ ਅਤੇ ਰਿਪੇਅਰ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਪੁਲਸ ਲਾਈਨ ਰੋਡ ਹੀ ਨਹੀਂ ਸਗੋਂ ਪਾਰਕ ਦੇ ਬਾਹਰ ਵੀ ਕਬਜ਼ਾ ਕੀਤਾ ਹੋਇਆ ਹੈ।
ਪਾਰਕ ਦੇ ਗੇਟ ਦੇ ਬਾਹਰ ਗੱਡੀਆਂ ਖੜ੍ਹੀਆਂ ਹੋਣ ਨਾਲ ਬਜ਼ੁਰਗਾਂ ਨੂੰ ਅੰਦਰ ਜਾਣ ਦਾ ਰਸਤਾ ਨਹੀਂ ਮਿਲਦਾ, ਜਦੋਂ ਕਿ ਉਨ੍ਹਾਂ ਵੱਲੋਂ ਕੀਤੀ ਗਈ ਡਿਵੈੱਲਮੈਂਟ ਦਾ ਵੀ ਦੁਕਾਨਦਾਰਾਂ ’ਤੇ ਕੋਈ ਅਸਰ ਨਹੀਂ ਹੋਇਆ। ਵਧੇਰੇ ਦੁਕਾਨਦਾਰ ਆਪਣੀਆਂ ਦੁਕਾਨਾਂ ’ਚ ਕੰਮ ਕਰਨ ਦੀ ਜਗ੍ਹਾ ਸੜਕ ਅਤੇ ਪਾਰਕ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਦੇ ਹਨ ਅਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਡੋਗਰਾ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਏ. ਸੀ. ਪੀ. ਟਰੈਫਿਕ ਹਰਬਿੰਦਰ ਸਿੰਘ ਭੱਲਾ ਦੇ ਧਿਆਨ ’ਚ ਹੈ ਪਰ ਉਨ੍ਹਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਇਸ ਤੋਂ ਇਲਾਵਾ ਇਸ ਬਾਰੇ ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਉਨ੍ਹਾਂ ਸਾਰੀ ਜ਼ਿੰਮੇਵਾਰੀ ਟਰੈਫਿਕ ਪੁਲਸ ’ਤੇ ਪਾ ਦਿੱਤੀ। ਡੋਗਰਾ ਨੇ ਸੀ. ਪੀ. ਨੂੰ ਸ਼ਿਕਾਇਤ ਦਿੰਦਿਆਂ ਮੰਗ ਕੀਤੀ ਕਿ ਉਕਤ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਜਿਹੜੇ-ਜਿਹੜੇ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਇਸ ਬਾਰੇ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਉਥੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ।


Aarti dhillon

Content Editor

Related News