ਜਲੰਧਰ ਜ਼ਿਲੇ ’ਚ ਕੋਵਿਡ-19 ਵੈਕਸੀਨ ਦੀਆਂ 12.5 ਲੱਖ ਖੁਰਾਕਾਂ ਦੀ ਕੋਲਡ ਚੇਨ ਸਟੋਰੇਜ ਸਹੂਲਤ : ਡੀ. ਸੀ.

12/19/2020 2:35:14 PM

ਜਲੰਧਰ (ਚੋਪੜਾ)– ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਇਕ ਵਾਰ ਮੁਹੱਈਆ ਹੋਣ ਤੋਂ ਬਾਅਦ ਕੋਵਿਡ-19 ਵੈਕਸੀਨ ਸੁਰੱਖਿਅਤ ਢੰਗ ਨਾਲ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਕੋਵਿਡ-19 ਵੈਕਸੀਨ ਦੀ ਸਟੋਰੇਜ, ਵੰਡ ਅਤੇ ਟੀਕਾਕਰਨ ਲਈ ਆਪਣੀ ਮਸ਼ੀਨਰੀ ਤਿਆਰ ਕਰ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੋਲਡ ਚੇਨ ਸਟਾਕ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਹੋਏ ਹਨ, ਜਿਸ ਵਿਚ ਮੌਜੂਦਾ ਸਮੇਂ ਕੋਵਿਡ ਵੈਕਸੀਨ ਦੀਆਂ 12.5 ਲੱਖ ਖੁਰਾਕਾਂ ਨੂੰ ਸਟੋਰ ਕਰਨ ਲਈ ਲੋੜੀਂਦਾ ਪ੍ਰਬੰਧ ਹੈ ਅਤੇ ਜਦੋਂ ਵੈਕਸੀਨ ਆਮ ਲੋਕਾਂ ਲਈ ਮੁਹੱਈਆ ਹੋਵੇਗੀ, ਇਸ ਦੀ ਸਟੋਰੇਜ ਸਮਰੱਥਾ ਨੂੰ ਹੋਰ ਵਧਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉਕਤ ਜਾਣਕਾਰੀ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਹੁਸਨ ਲਾਲ ਨਾਲ ਸ਼ੁੱਕਰਵਾਰ ਇਕ ਵੀਡੀਓ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਏ. ਡੀ. ਸੀ. (ਡੀ) ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਆਪਣੀ ਕੋਲਡ ਚੇਨ ਸਟੋਰੇਜ ਸਹੂਲਤ ਅਧੀਨ 62 ਆਈਸ ਲਾਈਨਡ ਰੈਫਰਿਜਰੇਟਰ (ਆਈ. ਐੱਲ. ਆਰ.) ਹਨ, ਜੋ 5739 ਲੀਟਰ ਸਟੋਰ ਕਰ ਸਕਦੇ ਹਨ ਅਤੇ ਇਕ ਆਈ. ਐੱਲ. ਆਰ. 217 ਲੀਟਰ ਸਟੋਰ ਕਰ ਸਕਦਾ ਹੈ। ਇਸ ਤਰ੍ਹਾਂ ਸਾਡੇ ਕੋਲ 12.4 ਲੱਖ ਖੁਰਾਕਾਂ ਨੂੰ ਸਟਾਕ ਕਰਨ ਲਈ ਲੋੜੀਂਦੀ ਥਾਂ ਹੈ।


ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ 57 ਕੋਲਡ ਚੇਨ ਸਥਾਨਾਂ ਦੀ ਪਛਾਣ ਵੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 16 ਸ਼ਹਿਰੀ ਅਤੇ 41 ਦਿਹਾਤੀ ਇਲਾਕਿਆਂ ਵਿਚ ਹਨ ਅਤੇ ਸਿਖਲਾਈ ਪ੍ਰਾਪਤ ਸਟਾਫ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਇਸ ਦੀ ਮੈਨੇਜਮੈਂਟ ਕੀਤੀ ਜਾ ਰਹੀ ਹੈ। ਜ਼ਿਲੇ ਵਿਚ ਮੌਜੂਦਾ ਸਮੇਂ 1057 ਵੈਕਸੀਨ ਕੈਰੀਅਰ ਅਤੇ ਵੈਕਸੀਨ ਵੈਨ ਹਨ, ਜਿਹੜੀਆਂ ਕੰਮ ਕਰਨ ਦੀ ਹਾਲਤ ਵਿਚ ਹਨ। ਇਸ ਤੋਂ ਇਲਾਵਾ ਸਾਰੇ ਸੀ. ਐੱਚ. ਸੀ., ਪੀ. ਐੱਚ. ਸੀ./ਐੱਸ. ਡੀ. ਐੱਚ. ਅਤੇ ਸਿਵਲ ਹਸਪਤਾਲਾਂ ਦੀ ਸੈਸ਼ਨ ਸਥਾਨਾਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕੁੱਲ 46 ਸਿਹਤ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਵਿਭਾਗ ਨੂੰ ਇਨ੍ਹਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਵੈਕਸੀਨ ਦੀ ਪਹਿਲੀ ਖੁਰਾਕ ਡਾਕਟਰਾਂ, ਨਰਸਿੰਗ ਅਤੇ ਲੈਬ ਸਟਾਫ, ਵਾਰਡ ਅਟੈਂਡੈਂਟ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਸਮੇਤ ਫਰੰਟਲਾਈਨ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ। ਇਸ ਕੜੀ ਵਿਚ 10844 ਵਰਕਰਾਂ ਦਾ ਡਾਟਾ ਪਹਿਲਾਂ ਹੀ ਅਪਲੋਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਪੱਧਰੀ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਮਹਿਕਿਮਆਂ ਦੇ ਮੁਖੀਆਂ ਵੱਲੋਂ ਨਿਯਮਿਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਸੀਮਾ, ਡੀ. ਐੱਮ. ਸੀ. ਡਾ. ਅਨੂ, ਜ਼ਿਲਾ ਐਪੀਡੀਮਾਇਲੋਜਿਸਟ ਡਾ. ਸਤੀਸ਼ ਆਦਿ ਹਾਜ਼ਰ ਸਨ।


shivani attri

Content Editor

Related News