ਧੋਖਾਧੜੀ ਦੇ ਮਾਮਲੇ 'ਚ 17 ਸਾਲ ਬਾਅਦ ਮਿਲਿਆ ਇਨਸਾਫ਼; ਅਦਾਲਤ ਨੇ ਦਿਵਾਇਆ ਦੁਕਾਨ ਦਾ ਕਬਜ਼ਾ
Sunday, Dec 18, 2022 - 10:55 PM (IST)
ਭੋਗਪੁਰ (ਰਾਣਾ ਭੋਗਪੁਰੀਆ) : ਭੋਗਪੁਰ ਵਿਖੇ ਰੇਲਵੇ ਰੋਡ 'ਤੇ ਸਥਿਤ ਦੁਕਾਨ ਦੇ ਵਿਵਾਦ ਦਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ 17 ਸਾਲ ਬਾਅਦ ਅਸਲ ਮਾਲਕ ਨੂੰ ਦੁਕਾਨ ਦਾ ਕਬਜ਼ਾ ਦਿਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਦੇਵ ਮਹਿਤਾ ਨੇ ਗੁਰਮੇਲ ਸਿੰਘ ਕੋਲੋਂ ਦੁਕਾਨ ਦਾ ਬਿਆਨਾ ਕਰਵਾਇਆ ਸੀ ਪਰ ਜਦੋਂ ਇਸ ਜਗ੍ਹਾ ਦੀ ਰਜਿਸਟਰੀ ਕਰਵਾਉਣ ਲਈ ਸਬ-ਤਹਿਸੀਲ ਭੋਗਪੁਰ ਵਿੱਚ ਗਿਆ ਤਾਂ ਗੁਰਮੇਲ ਸਿੰਘ ਨਾ ਪਹੁੰਚਿਆ। ਹਰੀਦੇਵ ਮਹਿਤਾ ਨੇ ਅਦਾਲਤ ਵਿੱਚ ਪੈਸੇ ਜਮ੍ਹਾ ਕਰਵਾ ਦਿੱਤੇ ਅਤੇ ਅਦਾਲਤ ਨੇ ਹਰੀਦੇਵ ਮਹਿਤਾ ਦੇ ਨਾਂ ਰਜਿਸਟਰੀ ਕਰਨ ਦੇ ਹੁਕਮ ਦੇ ਦਿੱਤੇ। ਦੂਜੇ ਪਾਸੇ, ਗੁਰਮੇਲ ਸਿੰਘ ਦੀ ਮੌਤ ਤੋਂ ਬਾਅਦ ਇਹ ਜਗ੍ਹਾ ਉਸ ਦੇ 3 ਪੁੱਤਰਾਂ ਅਤੇ ਇਕ ਧੀ ਦੇ ਨਾਂ ਲੱਗ ਗਈ ਤਾਂ ਉਨ੍ਹਾਂ ਨੇ ਇਹ ਜਗ੍ਹਾ ਆਪਣੇ ਰਿਸ਼ਤੇਦਾਰ ਪਰਮਜੀਤ ਕੌਰ ਦੇ ਨਾਂ ਕਰਵਾ ਦਿੱਤੀ। ਇਹ ਜਗ੍ਹਾ ਅੱਗੇ ਅਮਿਤ ਕੁਮਾਰ ਅਰੋੜਾ ਨੇ ਖ਼ਰੀਦ ਲਈ। ਇਸ ਦੀ ਜਾਣਕਾਰੀ ਮਿਲਣ 'ਤੇ ਹਰੀਦੇਵ ਮਹਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ : ਗੁਰਮਤਿ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਹੋ ਸਕਦੇ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ
ਅਦਾਲਤ ਨੇ ਪਰਮਜੀਤ ਕੌਰ, ਅਮਿਤ ਕੁਮਾਰ ਅਰੋੜਾ, ਹਰਨਾਮ ਸਿੰਘ ਨੰਬਰਦਾਰ, ਨਵੀਨ ਕੁਮਾਰ, ਬਲਕਾਰ ਸਿੰਘ ਪਟਵਾਰੀ, ਦਵਿੰਦਰ ਸਿੰਘ, ਮਨੀਸ਼ ਕੁਮਾਰ ਐੱਮਸੀ, ਚਰਨਜੀਤ ਸਿੰਘ ਸੋਢੀ ਤੇ ਅਜੇ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਥਾਣਾ ਭੋਗਪੁਰ ਵਿਖੇ ਮੁਕੱਦਮਾ ਨੰਬਰ 134 ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਕੇਸ ਚੱਲ ਰਿਹਾ ਹੈ। ਅਦਾਲਤ ਨੇ ਇਹ ਜਗ੍ਹਾ ਹਰੀਦੇਵ ਮਹਿਤਾ ਦੇ ਨਾਂ ਕਰ ਦਿੱਤੀ ਤੇ ਆਪਣੇ ਨੁਮਾਇੰਦੇ ਭੇਜ ਕੇ ਦੂਜੀ ਪਾਰਟੀ ਦੇ ਦੁਕਾਨ ਦੇ ਜਿੰਦਰੇ ਤੋੜ ਕੇ ਹਰੀਦੇਵ ਮਹਿਤਾ ਦੇ ਜਿੰਦਰੇ ਲਗਵਾ ਕੇ ਦੁਕਾਨ ਦਾ ਕਬਜ਼ਾ ਦਿਵਾ ਦਿੱਤਾ ਹੈ।
ਇਹ ਵੀ ਪੜ੍ਹੋ : ਗਿੰਨੀ ਤੋਂ ਦਿੱਲੀ ਆਈ ਔਰਤ ਕੋਲੋਂ 15.36 ਕਰੋੜ ਦੀ ਕੋਕੀਨ ਬਰਾਮਦ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।