ਕਾਊਂਟਿੰਗ ਆਬਜ਼ਰਵਰ ਅਤੇ ਡਿਪਟੀ ਕਮਿਸ਼ਨਰ ਨੇ ਲਿਆ ਗਿਣਤੀ ਕੇਂਦਰ ਦਾ ਜਾਇਜ਼ਾ

05/21/2019 10:17:58 PM

ਕਪੂਰਥਲਾ, (ਮਹਾਜਨ)- ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਜ਼ਿਲੇ ਦੇ ਵਿਧਾਨ ਸਭਾ ਹਲਕੇ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕਾਊਂਟਿੰਗ ਆਬਜ਼ਰਵਰ ਸ਼੍ਰੀਰੂਪਾ ਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐੱਸ. ਖਰਬੰਦਾ ਨੇ ਵਿਰਸਾ ਵਿਹਾਰ ਵਿਖੇ ਸਥਾਪਿਤ ਕੀਤੇ ਗਏ ਗਿਣਤੀ ਕੇਂਦਰ ਦਾ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ 23 ਮਈ ਨੂੰ ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸਾਰੇ ਲੋਡ਼ੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ, ਨਿਰਵਿਘਨ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾਡ਼੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ ’ਤੇ ਨਿਗਰਾਨੀ ਲਈ ਤੀਹਰੀ ਪਰਤ ’ਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ। ਗਿਣਤੀ ਵਾਲੇ ਦਿਨ ਗਿਣਤੀ ਲਈ ਤਾਇਨਾਤ ਅਮਲੇ, ਮੀਡੀਆ ਅਤੇ ਕਾਊਂਟਿੰਗ ਏਜੰਟਾਂ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੋਵਾਂ ਗਿਣਤੀ ਕੇਂਦਰਾਂ ਲਈ 72 ਵਿਅਕਤੀਆਂ ਦਾ ਸਟਾਫ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ ’ਚ 10-10 ਗਿਣਤੀ ਟੇਬਲ ਲਗਾਏ ਗਏ ਹਨ, ਜਿਨ੍ਹਾਂ ’ਤੇ ਤਿੰਨ-ਤਿੰਨ ਅਧਿਕਾਰੀਆਂ/ਕਰਮਚਾਰੀਆਂ ਦਾ ਸਟਾਫ ਮੌਜੂਦ ਰਹੇਗਾ। ਉਨ੍ਹਾਂ ਦੱਸਿਆ ਕਿ ਕਿਸ ਟੇਬਲ ’ਤੇ ਕਿਸ ਕਾਊਂਟਿੰਗ ਟੀਮ ਦੀ ਡਿਊਟੀ ਹੈ, ਉਸ ਬਾਰੇ 23 ਮਈ ਦੀ ਸਵੇਰ ਨੂੰ ਹੋਣ ਵਾਲੀ ਰੈਂਡੇਮਾਈਜ਼ੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਹਲਕਿਆਂ ਦੀ ਗਿਣਤੀ ਦਾ ਕੰਮ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਅਤੇ 9 ਹਲਕਿਆਂ ਦਾ ਨਤੀਜਾ ਕੰਪਾਈਲ ਕਰ ਕੇ ਨਤੀਜਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਐੱਸ. ਡੀ. ਐੱਮ. ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ, ਡੀ. ਐੱਸ. ਪੀ. ਸੰਦੀਪ ਸਿੰਘ ਮੰਡ, ਦਵਿੰਦਰ ਪਾਲ ਸਿੰਘ ਆਹੂਜਾ ਆਦਿ ਹਾਜ਼ਰ ਸਨ।


Bharat Thapa

Content Editor

Related News