ਕੌਂਸਲਰ ਰੋਹਣ ਸਹਿਗਲ ''ਤੇ ਡਿੱਗੀ ਗਾਜ, ਕਾਰਨ ਦੱਸੋ ਨੋਟਿਸ ਜਾਰੀ
Thursday, Mar 14, 2019 - 05:41 PM (IST)

ਜਲੰਧਰ (ਚੋਪੜਾ)— ਨਗਰ ਨਿਗਮ ਦੀ ਕਾਰਜਸ਼ੈਲੀ ਤੋਂ ਨਾਰਾਜ਼ ਅਤੇ ਵਾਰਡ ਨੰਬਰ 26 ਦੀਆਂ ਸਮੱਸਿਆਵਾਂ ਨੂੰ ਦੂਰ ਨਾ ਕਰ ਸਕਣ ਤੋਂ ਦੁਖੀ ਹੋ ਕੇ ਬੀਤੇ ਦਿਨ ਆਪਣੀ ਕੌਂਸਲਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਰੋਹਣ ਸਹਿਗਲ 'ਤੇ ਬੀਤੇ ਦਿਨ ਅਨੁਸ਼ਾਸਨਿਕ ਕਾਰਵਾਈ ਦੀ ਗਾਜ ਡਿੱਗੀ ਹੈ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਰੋਹਣ ਸਹਿਗਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬਲਦੇਵ ਦੇਵ ਨੇ ਨੋਟਿਸ ਵਿਚ ਲਿਖਿਆ ਹੈ ਕਿ ਉਨ੍ਹਾਂ ਨੂੰ ਅਖਬਾਰਾਂ ਜ਼ਰੀਏ ਅਸਤੀਫਾ ਦੇਣ ਦੀ ਜਾਣਕਾਰੀ ਮਿਲੀ। ਅਜਿਹਾ ਕਰ ਕੇ ਰੋਹਣ ਨੇ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਅਨੁਸ਼ਾਸਨ ਭੰਗ ਕੀਤਾ ਹੈ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜੇਕਰ ਕੌਂਸਲਰ ਰੋਹਣ ਨੂੰ ਨਗਰ ਨਿਗਮ ਦੇ ਕੰਮਾਂ ਸਬੰਧੀ ਕੋਈ ਮੁਸ਼ਕਲ ਆ ਰਹੀ ਸੀ ਤਾਂ ਉਹ ਸੰਸਦ ਮੈਂਬਰ, ਵਿਧਾਇਕਾਂ, ਨਗਰ ਨਿਗਮ ਦੇ ਮੇਅਰ ਨਾਲ ਇਸ ਸਬੰਧੀ ਗੱਲ ਕਰਦੇ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਿਆ ਜਾਂਦਾ। ਬਲਦੇਵ ਦੇਵ ਨੇ ਕੌਂਸਲਰ ਰੋਹਣ ਕੋਲੋਂ 3 ਦਿਨਾਂ ਵਿਚ ਆਪਣੇ ਅਸਤੀਫੇ ਨੂੰ ਲੈ ਕੇ ਭੰਗ ਕੀਤੇ ਅਨੁਸ਼ਾਸਨ ਸਬੰਧੀ ਪਾਰਟੀ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਨਹੀਂ ਤਾਂ ਉਨ੍ਹਾਂ ਖਿਲਾਫ ਬਣਦੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।