ਇੰਪਰੂਵਮੈਂਟ ਟਰੱਸਟ ਦੇ ਸੀਨੀ. ਅਸਿਸਟੈਂਟ ਨੂੰ 9 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ (ਵੀਡੀਓ)
Wednesday, Sep 05, 2018 - 04:07 PM (IST)
ਜਲੰਧਰ, (ਬੁਲੰਦ)- ਵਿਜੀਲੈਂਸ ਬਿਊਰੋ ਜਲੰਧਰ ਇਨ੍ਹੀਂ ਦਿਨੀਂ ਪੂਰੇ ਜੋਸ਼ ਵਿਚ ਹੈ ਅਤੇ ਦਫਤਰਾਂ ਵਿਚ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਜਾਰੀ ਹੈ। ਲਗਾਤਾਰ ਕਾਰਵਾਈ ਕਰਦੇ ਹੋਏ ਪਿਛਲੇ 5 ਦਿਨਾਂ ਵਿਚ ਵਿਜੀਲੈਂਸ ਵਿਭਾਗ ਨੇ ਚੌਥੇ ਭ੍ਰਿਸ਼ਟਾਚਾਰੀ ਨੂੰ ਕਾਬੂ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਭਾਗ ਨੇ 5 ਦਿਨ ਪਹਿਲਾਂ ਸਿਵਲ ਸਰਜਨ ਦਫਤਰ ’ਚ ਛਾਪੇਮਾਰੀ ਕੀਤੀ ਸੀ। ਫਿਰ ਫਿਲੌਰ ਤੋਂ ਸਬ-ਇੰਸਪੈਕਟਰ ਨੂੰ ਕਾਬੂ ਕੀਤਾ ਤੇ ਫਗਵਾੜਾ ਤੋਂ ਇਨਹਾਂਸਮੈਂਟ ਅਫਸਰ ਫੜਿਆ ਅਤੇ ਅੱਜ ਪੰਜਵੇਂ ਦਿਨ ਜਲੰਧਰ ਇੰਪਰੂਵਮੈਂਟ ਟਰੱਸਟ ਵਿਚ ਕਾਰਵਾਈ ਕਰਦੇ ਹੋਏ ਵਿਜੀਲੈਂਸ ਵਿਭਾਗ ਦੀ ਟੀਮ ਨੇ ਟਰੈਪ ਲਗਾ ਕੇ ਵਿਭਾਗ ਦੇ ਸੀਨੀ. ਅਸਿਸਟੈਂਟ ਮਹਿੰਦਰਪਾਲ ਵਾਸੀ ਆਦਮਪੁਰ ਨੂੰ 9 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਇੰਪਰੂਵਮੈਂਟ ਟਰੱਸਟ ਦਫਤਰ ਤੋਂ ਸ਼ਾਮ 5 ਵਜੇ ਗ੍ਰਿਫਤਾਰ ਕੀਤਾ।
ਪ੍ਰਾਪਰਟੀ ਡੀਲਰ ਤੋਂ ਮੰਗੀ ਸੀ ਰਿਸ਼ਵਤ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਪ੍ਰਾਪਰਟੀ ਡੀਲਰ ਚੇਤਨ ਸਰੀਨ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਕੋਲ ਉਨ੍ਹਾਂ ਦੇ 2 ਗਾਹਕਾਂ ਦੀ ਪਾਵਰ ਆਫ ਅਟਾਰਨੀ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੇ ਗਾਹਕਾਂ ਦੇ ਪਲਾਟਾਂ ਦੀਆਂ ਰਜਿਸਟਰੀਆਂ ਇੰਪਰੂਵਮੈਂਟ ਟਰੱਸਟ ਵਿਚ ਕਰਵਾਉਣੀਆਂ ਸਨ। ਉਨ੍ਹਾਂ ਦੱਪਲਾਟ ਟਰਾਂਸਫਰ ਕਰਨ ਦਾ ਸਾਰਾ ਕੰਮ ਹੋ ਚੁੱਕਾ ਸੀ ਪਰ ਰਜਿਸਟਰੀ ਲਈ ਇੰਪਰੂਵਮੈਂਟ ਟਰੱਸਟ ਦੇ ਸੀ. ਅਸਿਸਟੈਂਟ ਮਹਿੰਦਰਪਾਲ ਵਲੋਂ ਰਜਿਸਟਰੀਆਂ ਲਈ 9 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਜੀਲੈਂਸ ਦੇ ਕੋਲ ਆਉਣ ’ਤੇ ਸਾਰਾ ਟਰੈਪ ਲਾਇਆ ਗਿਆ ਅਤੇ ਰਿਸ਼ਵਤ ਲੈਂਦੇ ਅਧਿਕਾਰੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਵਲੋਂ ਸ਼ਿਕਾਇਤਕਰਤਾ ਨੂੰ 500 ਦੇ 18 ਨੋਟ ਦਿੱਤੇ ਗਏ, ਜੋ ਉਸ ਨੇ ਸੁਪਰਿੰਟੈਂਡੈਂਟ ਨੂੰ ਦੇਣੇ ਸਨ।ਈ. ਓ. ’ਤੇ ਵੀ ਡਿੱਗ ਸਕਦੀ ਹੈ ਗਾਜ?
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਸੀ. ਅਸਿਸਟੈਂਟ ਤੋਂ ਪੁੱਛਗਿੱਛ ਵਿਚ ਉਸ ਨੇ ਕਿਹਾ ਕਿ ਜੋ ਰਿਸ਼ਵਤ ਉਹ ਲੈਂਦਾ ਸੀ, ਉਸ ਵਿਚ ਈ. ਓ. ਦਾ ਵੀ ਪੂਰਾ ਹਿੱਸਾ ਸੀ। ਇਸ ਲਈ ਹੁਣ ਵਿਜੀਲੈਂਸ ਵਿਭਾਗ ਸਾਰੇ ਕੇਸ ਵਿਚ ਈ. ਓ. ਦੀ ਭੂਮਿਕਾ ਦੀ ਜਾਂਚ ਵਿਚ ਜੁਟ ਗਈ ਹੈ। ਐੱਸ. ਐੱਸ. ਪੀ. ਦੀ ਮੰਨੀਏ ਤਾਂ ਜੇਕਰ ਇਸ ਮਾਮਲੇ ਵਿਚ ਈ. ਓ. ਦਾ ਕੋਈ ਰੋਲ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ।
ਪਹਿਲਾਂ ਵੀ ਚੱਲ ਰਹੀ ਹੈ ਵਿਜੀਲੈਂਸ ਦੇ ਕੋਲ ਟਰੱਸਟ ਦੇ ਬਹੁ-ਕਰੋੜੀ ਘਪਲਿਆਂ ਦੀ ਜਾਂਚ
ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਐੱਸ. ਐੱਸ. ਪੀ. ਢਿੱਲੋਂ ਨੇ ਦੱਸਿਆ ਕਿ ਵਿਜੀਲੈਂਸ ਦੇ ਕੋਲ ਪਹਿਲਾਂ ਵੀ 2013 ਵਿਚ ਹੋਏ ਇੰਪਰੂਵਮੈਂਟ ਟਰੱਸਟ ਦੇ ਬਹੁ-ਕਰੋੜੀ ਘਪਲਿਆਂ ਦੀ ਜਾਂਚ ਚੱਲ ਰਹੀ ਹੈ, ਜਿਸ ਵਿਚ ਦਰਜਨਾਂ ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਹੁਣ ਕਈ ਹੋਰ ਫੜੇ ਜਾ ਸਕਦੇ ਹਨ। ਇਸ ਕੇਸ ਦੀ ਜਾਂਚ ਵਿਚ ਹੁਣ ਤੱਕ 10 ਕਰੋੜ ਤੋਂ ਜ਼ਿਆਦਾ ਦਾ 7 ਕੇਸਾਂ ਵਿਚ ਘਪਲਾ ਸਾਹਮਣੇ ਆ ਚੁੱਕਾ ਹੈ ਪਰ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਲ ਬਾਡੀਜ਼ ਵਿਭਾਗ ਅਤੇ ਵਿਜੀਲੈਂਸ ਦੀ ਸਖ਼ਤੀ ਦੇ ਬਾਵਜੂਦ ਟਰੱਸਟ ਦੇ ਕਰਮਚਾਰੀ ਰਿਸ਼ਵਤਖੋਰੀ ਤੋਂ ਬਾਜ਼ ਨਹੀਂ ਆ ਰਹੇ।
ਏਜੰਟ ਜ਼ਰੀਏ ਰਿਸ਼ਵਤ ਲੈਣ ਵਾਲੇ ਬੁਰੇ ਫਸਣਗੇ
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਢਿੱਲੋਂ ਨੇ ਕਿਹਾ ਕਿ ਜੋ ਸਰਕਾਰੀ ਕਰਮਚਾਰੀ ਏਜੰਟਾਂ ਦੇ ਜ਼ਰੀਏ ਰਿਸ਼ਵਤ ਲੈਂਦੇ ਹਨ ਉਹ ਇਹ ਨਾ ਸਮਝਣ ਕਿ ਜੇਕਰ ਵਿਜੀਲੈਂਸ ਬਿਊਰੋ ਏਜੰਟ ਨੂੰ ਫੜਦਾ ਹੈ ਤਾਂ ਸਰਕਾਰੀ ਬਾਬੂ ਬਚ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਏਜੰਟ ਨੂੰ ਵਿਜੀਲੈਂਸ ਫੜਦੀ ਹੈ ਉਹ ਏਜੰਟ ਜਿਸ ਸਰਕਾਰੀ ਕਰਮਚਾਰੀ ਲਈ ਕੰਮ ਕਰਦਾ ਹੈ ਉਸ ’ਤੇ ਵੀ ਪੂਰੀ ਕਾਰਵਾਈ ਹੋਵੇਗੀ ਕਿਉਂਕਿ ਏਜੰਟ ਆਪਣਾ ਪੈਸੇ ਬਣਾਉਣ ਦੇ ਚੱਕਰ ਵਿਚ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਦਾ ਹੈ ਅਤੇ ਫਰਜ਼ੀ ਕਾਗਜ਼ਾਤ ਲਗਾ ਕੇ ਫਾਈਲਾਂ ਕੰਪਲੀਟ ਕਰਦੇ ਹਨ ਅਤੇ ਜਦੋਂ ਫੜੇ ਜਾਂਦੇ ਹਨ ਤਾਂ ਜਿਨ੍ਹਾਂ ਲਈ ਉਹ ਕੰਮ ਕਰਦਾ ਹੈ ਉਨ੍ਹਾਂ ’ਤੇ ਸ਼ਿਕੰਜਾ ਕੱਸਿਆ ਜਾਣਾ ਸੁਭਾਵਿਕ ਹੈ। ਫੜੇ ਗਏ ਟਰੱਸਟ ਦੇ ਕਰਮਚਾਰੀ ’ਤੇ ਪ੍ਰੋਟੈਕਸ਼ਨ ਆਫ ਕੁਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਮਨਦੀਪ ਸਿੰਘ ਤੇ ਹੋਰ ਵੀ ਮੌਜੂਦ ਸਨ। ਮਾਮਲੇ ਦੀ ਜਾਂਚ ਵੀ ਇੰਸਪੈਕਟਰ ਮਨਦੀਪ ਸਿੰਘ ਨੂੰ ਸੌਂਪੀ ਗਈ ਹੈ।