ਨਿਗਮ ਨੇ ਮਾਈ ਹੀਰਾਂ ਗੇਟ ’ਚ ਰੋਕਿਆ ਨਾਜਾਇਜ਼ ਨਿਰਮਾਣ, ਨੋਟਿਸ ਜਾਰੀ

08/08/2020 4:00:25 PM

ਜਲੰਧਰ (ਖੁਰਾਣਾ) – ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਸ਼ਿਕਾਇਤ ਮਿਲਣ ’ਤੇ ਸਥਾਨਕ ਮਾਈ ਹੀਰਾਂ ਗੇਟ ਇਲਾਕੇ ਵਿਚ ਮਿੱਠਾ ਬਾਜ਼ਾਰ ਨੂੰ ਜਾਣ ਵਾਲੀ ਸੜਕ ਕੰਢੇ ਹੋ ਰਹੇ ਨਾਜਾਇਜ਼ ਨਿਰਮਾਣ ਦਾ ਕੰਮ ਰੁਕਵਾ ਦਿੱਤਾ ਅਤੇ ਨੋਟਿਸ ਜਾਰੀ ਕਰ ਦਿੱਤਾ।
ਨਿਗਮ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਥੇ ਕਈ ਦੁਕਾਨਾਂ ਵਾਲੀ ਮਾਰਕੀਟ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਦੇ ਲਈ ਪਿੱਲਰ ਆਦਿ ਤਿਆਰ ਕੀਤੇ ਜਾ ਰਹੇ ਹਨ ਅਤੇ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪਲਾਟ ਦੇ ਮਾਲਕ ਧੀਰਜ ਚੱਢਾ ਨੇ ਨਿਗਮ ਨੂੰ ਐਫੀਡੇਵਿਟ ਦੇ ਕੇ ਕਿਹਾ ਕਿ ਉਹ ਸਿਰਫ ਆਪਣੇ ਪਲਾਟ ਦੀ ਚਾਰਦੀਵਾਰੀ ਕਰਵਾ ਰਿਹਾ ਹੈ ਅਤੇ ਉਸ ਤੋਂ ਅੱਗੇ ਕੋਈ ਕੰਮ ਨਹੀਂ ਕਰਵਾਇਆ ਜਾਵੇਗਾ।

ਬੱਸ ਸਟੈਂਡ ਸਾਹਮਣੇ ਬਣੀਆਂ 40 ਦੁਕਾਨਾਂ ਨੂੰ ਫਿਰ ਤੋੜਿਆ ਜਾਵੇਗਾ

ਇਸ ਦੌਰਾਨ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਟੈਂਡ ਦੇ ਸਾਹਮਣੇ ਨਾਜਾਇਜ਼ ਰੂਪ ਨਾਲ ਬਣੀਆਂ ਉਨ੍ਹਾਂ 40 ਦੁਕਾਨਾਂ ਨੂੰ ਦੁਬਾਰਾ ਤੋੜਿਆ ਜਾਵੇਗਾ, ਜਿਥੇ 2 ਸਾਲ ਪਹਿਲਾਂ ਤਤਕਾਲੀਨ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਰਵਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਬਿਲਡਿੰਗ ਦੇ ਮਾਲਕਾਂ ਨੇ ਦੁਬਾਰਾ ਦੁਕਾਨਾਂ ਦਾ ਨਿਰਮਾਣ ਕਰ ਲਿਆ ਪਰ ਇਸ ਮਾਮਲੇ ਵਿਚ ਨਿਗਮ ਅਧਿਕਾਰੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਥੇ ਖੁਦ ਸਥਾਨਕ ਸਰਕਾਰਾਂ ਮੰਤਰੀ ਨੇ ਦੌਰਾ ਕਰ ਕੇ ਕਾਰਵਾਈ ਕਰਵਾਈ ਸੀ। ਹੁਣ ਦੇਖਣਾ ਇਹ ਹੈ ਕਿ ਉਕਤ ਇਲਾਕੇ ਵਿਚ ਡਿੱਚ ਕਦੋਂ ਭੇਜੀ ਜਾਂਦੀ ਹੈ?

ਕੈਨਾਲ ਰੋਡ ’ਤੇ ਹੋ ਰਹੇ ਨਾਜਾਇਜ਼ ਨਿਰਮਾਣ ਨੂੰ ਤੋੜਨ ਜਾਂ ਸੀਲ ਕਰਨ ਦੀ ਤਿਆਰੀ

ਇੰਡਸਟਰੀਅਲ ਏਰੀਆ ਅਤੇ ਬਾਬਾ ਬਾਲਕ ਨਾਥ ਨਗਰ ਦੇ ਵਿਚਕਾਰ ਪੈਂਦੀ ਕੈਨਾਲ ਰੋਡ ’ਤੇ ਹੋ ਰਹੇ ਕਮਰਸ਼ੀਅਲ ਨਿਰਮਾਣ ’ਤੇ ਵੀ ਨਿਗਮ ਨੇ ਬੁਲਡੋਜ਼ਰ ਚਲਾਉਣ ਜਾਂ ਉਸ ਨੂੰ ਸੀਲ ਕਰਨ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਅੱਜ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਨੇ ਰਸਮੀ ਕਾਰਵਾਈ ਪੂਰੀ ਕਰ ਲਈ। ਉਨ੍ਹਾਂ ਦੱਸਿਆ ਕਿ ਸਾਰੇ ਨਾਜਾਇਜ਼ ਨਿਰਮਾਣਾਂ ਦੇ ਸਫਾਏ ਦੇ ਆਰਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਸੀਲ ਕਰ ਦਿੱਤਾ ਜਾਵੇਗਾ, ਜਿਸ ਦੀ ਆਗਿਆ ਅਧਿਕਾਰੀਆਂ ਤੋਂ ਲਈ ਜਾ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉਸ ਇਲਾਕੇ ਿਵਚ ਇਕ ਤਿੰਨ ਮੰਜ਼ਿਲਾ ਫੈਕਟਰੀ ਵੀ ਬਣ ਕੇ ਤਿਆਰ ਹੋ ਗਈ ਪਰ ਨਗਰ ਨਿਗਮ ਦੇ ਸਟਾਫ ਅਤੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਖਬਾਰਾਂ ਵਿਚ ਮਾਮਲਾ ਉਛਲਣ ਤੋਂ ਬਾਅਦ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ, ਜਦਕਿ ਇਹ ਨਿਰਮਾਣ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਹੋਏ ਹਨ। ਉਕਤ ਨਾਜਾਇਜ਼ ਨਿਰਮਾਣਾਂ ਦੇ ਸਿਲਸਿਲੇ ਵਿਚ ਇਲਾਕਾ ਕੌਂਸਲਰ ਵਿੱਕੀ ਕਾਲੀਆ ਨੇ ਨਿਗਮ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਸੀ।


Harinder Kaur

Content Editor

Related News