ਮੁਲਾਜ਼ਮਾਂ ਦੇ ਧਰਨੇ ਵਿਚਕਾਰ ਅਚਾਨਕ ਸਰਕਾਰੀ ਰਿਹਾਇਸ਼ ਤੋਂ ਪੈਦਲ ਭੱਜੇ ਨਿਗਮ ਕਮਿਸ਼ਨਰ

10/21/2022 1:13:35 PM

ਜਲੰਧਰ (ਸੋਮਨਾਥ)–ਨਗਰ ਨਿਗਮ ਯੂਨੀਅਨਾਂ ਨੇ ਵੀਰਵਾਰ ਸਵੇਰੇ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੀ ਮਾਡਲ ਟਾਊਨ ਸਥਿਤ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ। ਵਧਦੇ ਰੋਸ ਪ੍ਰਦਰਸ਼ਨ ਵਿਚਕਾਰ ਨਿਗਮ ਕਮਿਸ਼ਨਰ ਨੂੰ ਆਪਣੀ ਸਰਕਾਰੀ ਰਿਹਾਇਸ਼ ਤੋਂ ਪੈਦਲ ਭੱਜਣਾ ਪਿਆ। ਹੋਇਆ ਇੰਝ ਕਿ ਆਪਣੀਆਂ ਮੰਗਾਂ ਸਬੰਧੀ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਕਮਿਸ਼ਨਰ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲੇ। ਇਸੇ ਵਿਚਕਾਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਕਮਿਸ਼ਨਰ ਪੈਦਲ ਹੀ ਭੱਜ ਖੜ੍ਹੇ ਹੋਏ।

ਇਸ ਤੋਂ ਬਾਅਦ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਵਿਚ ਆ ਕੇ ਕਮਿਸ਼ਨਰ ਆਫ਼ਿਸ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਜਿਸ ਸਮੇਂ ਮੁਲਾਜ਼ਮ ਕਮਿਸ਼ਨਰ ਆਫ਼ਿਸ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕਰ ਰਹੇ ਸਨ, ਉਸ ਸਮੇਂ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਮੇਅਰ ਜਗਦੀਸ਼ ਰਾਜ ਰਾਜਾ ਨਿਗਮ ਕੌਂਸਲਰਾਂ ਅਤੇ ਅਫ਼ਸਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸੇ ਵਿਚਕਾਰ ਮੇਅਰ ਮੀਟਿੰਗ ਵਿਚੋਂ ਉੱਠ ਕੇ ਆਏ ਅਤੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਦੁਪਹਿਰ 2 ਵਜੇ ਤੱਕ ਉਹ ਕਮਿਸ਼ਨਰ ਕੋਲੋਂ ਉਨ੍ਹਾਂ ਦੀ ਫਾਈਲ ’ਤੇ ਦਸਤਖਤ ਕਰਵਾ ਦੇਣਗੇ, ਨਹੀਂ ਤਾਂ ਉਹ ਖੁਦ ਉਨ੍ਹਾਂ ਨਾਲ ਧਰਨੇ ’ਤੇ ਬੈਠ ਜਾਣਗੇ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਜਲੰਧਰ ਦੀ ਅਦਾਲਤ ’ਚ ਪੇਸ਼, 31 ਅਕਤੂਬਰ ਤੱਕ ਮਿਲਿਆ ਪੁਲਸ ਰਿਮਾਂਡ

PunjabKesari

ਯੂਨੀਫਾਰਮ ਦੀ ਫਾਈਲ ’ਤੇ ਦਸਤਖ਼ਤ ਨਾ ਹੋਣ ਕਾਰਨ ਰੋਸ ਵਿਚ ਕਰਮਚਾਰੀ

ਵਰਣਨਯੋਗ ਹੈ ਕਿ ਨਿਗਮ ਯੂਨੀਅਨ ਯੂਨੀਫਾਰਮ, ਸਫ਼ਾਈ ਅਤੇ ਸੀਵਰੇਜ ਨਾਲ ਜੁੜੇ ਉਪਕਰਨਾਂ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਇਸ ਸਬੰਧ ਵਿਚ ਕਈ ਹਫਤਿਆਂ ਤੋਂ ਫਾਈਲ ਕਮਿਸ਼ਨਰ ਆਫ਼ਿਸ ਵਿਚ ਦਸਤਖਤ ਲਈ ਗਈ ਹੈ ਪਰ ਕਮਿਸ਼ਨਰ ਵੱਲੋਂ ਦਸਤਖਤ ਨਹੀਂ ਕੀਤੇ ਜਾ ਰਹੇ। ਯੂਨੀਅਨ ਆਗੂ ਰਿੰਪੀ ਕਲਿਆਣ ਅਤੇ ਬੰਟੂ ਸੱਭਰਵਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਿਗਮ ਮੁਲਾਜ਼ਮਾਂ ਨੂੰ 3 ਸਾਲਾਂ ਬਾਅਦ ਯੂਨੀਫਾਰਮ ਲਈ 3500 ਰੁਪਏ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਫਾਰਮ ਲਈ ਕਈ ਸਾਲਾਂ ਤੋਂ ਪੈਸਾ ਮਿਲ ਰਿਹਾ ਹੈ ਪਰ ਇਸ ਵਾਰ ਅਜਿਹਾ ਹੋਇਆ ਹੈ ਕਿ ਉਨ੍ਹਾਂ ਦੀ ਫਾਈਲ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ। ਯੂਨੀਅਨਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਾਰ-ਵਾਰ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਹੁਣ ਤੱਕ ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ, ਇਸ ਲਈ ਉਹ ਹੁਣ ਦੀਵਾਲੀ ਤੋਂ ਪਹਿਲਾਂ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੋਂ ਛੁੱਟੀ ਅਤੇ ਤਿਉਹਾਰਾਂ ਦੇ ਦਿਨ ਵੀ ਕੰਮ ਕਰਵਾਇਆ ਜਾ ਰਿਹਾ ਹੈ ਪਰ ਮੰਗਾਂ ਸਬੰਧੀ ਨਾ ਤਾਂ ਸਰਕਾਰ ਗੰਭੀਰ ਹੈ ਅਤੇ ਨਾ ਹੀ ਨਿਗਮ ਅਫਸਰ।

ਇਹ ਵੀ ਪੜ੍ਹੋ: ਫਿਲੌਰ: ਪੁਲਸ ਮੁਲਾਜ਼ਮਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਤਾਰ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਨਾਲ ਜੁੜੇ

PunjabKesari

ਕਮਿਸ਼ਨਰ ਦੀ ਸੜਕ ’ਤੇ ਦੌੜਦੇ ਹੋਏ ਬਣਾਈ ਵੀਡੀਓ

ਯੂਨੀਅਨ ਆਗੂਆਂ ਨਾਲ ਗੱਲ ਕਰਨ ਲਈ ਨਿਗਮ ਕਮਿਸ਼ਨਰ ਆਪਣੀ ਰਿਹਾਇਸ਼ ਵਿਚੋਂ ਬਾਹਰ ਤਾਂ ਨਿਕਲੇ ਪਰ ਇਕਦਮ ਮੇਨ ਰੋਡ ਵੱਲ ਚਲੇ ਗਏ। ਉਥੇ ਤੇਜ਼-ਤੇਜ਼ ਚੱਲਦਿਆਂ ਯੂਨੀਅਨ ਦੀ ਪਹੁੰਚ ਤੋਂ ਬਾਹਰ ਹੋ ਗਏ। ਮੁਲਾਜ਼ਮਾਂ ਨੇ ਕਮਿਸ਼ਨਰ ਦੀ ਸੜਕ ’ਤੇ ਦੌੜਦੇ ਹੋਏ ਵੀਡੀਓ ਵੀ ਬਣਾ ਲਈ। ਇਸੇ ਵਿਚਕਾਰ ਕਮਿਸ਼ਨਰ ਕਿਥੇ ਗਏ, ਇਸਦੀ ਕਿਸੇ ਨੂੰ ਜਾਣਕਾਰੀ ਨਹੀਂ ਹੈ।

2 ਵਜੇ ਤੋਂ ਬਾਅਦ ਮੇਅਰ ਨੇ ਕਰਵਾਏ ਫਾਈਲ ’ਤੇ ਦਸਤਖ਼ਤ

ਮੇਅਰ ਜਗਦੀਸ਼ ਰਾਜ ਰਾਜਾ ਨੇ ਆਪਣੇ ਵਾਅਦੇ ਮੁਤਾਬਕ ਯੂਨੀਅਨ ਆਗੂਆਂ ਨੂੰ ਮੇਅਰ ਹਾਊਸ ਬੁਲਾਇਆ। ਇਥੇ ਉਨ੍ਹਾਂ ਨਿਗਮ ਕਮਿਸ਼ਨਰ ਤੋਂ ਉਨ੍ਹਾਂ ਦੀ ਫਾਈਲ ’ਤੇ ਦਸਤਖਤ ਕਰਵਾ ਦਿੱਤੇ। ਇਸ ਮੌਕੇ ਮੇਅਰ ਨੇ ਕਿਹਾ ਕਿ ਨਿਗਮ ਮੁਲਾਜ਼ਮਾਂ ਨੂੰ ਹਰ ਤਿੰਨ ਸਾਲ ਬਾਅਦ ਯੂਨੀਫਾਰਮ ਦਿੱਤੀ ਜਾਣੀ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ ਅਤੇ ਇਹ ਹੱਕ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਹੈ।

ਯੂਨੀਫਾਰਮ ਦੇ ਰੇਟ ਰਿਵਾਈਜ਼ ਹੋਣੇ ਚਾਹੀਦੇ ਹਨ: ਰਿੰਪੀ ਕਲਿਆਣ

ਯੂਨੀਅਨ ਆਗੂ ਰਿੰਪੀ ਕਲਿਆਣ ਨੇ ਕਿਹਾ ਕਿ ਸਰਕਾਰ ਵੱਲੋਂ ਨਿਗਮ ਮੁਲਾਜ਼ਮਾਂ ਦੀ ਯੂਨੀਫਾਰਮ ਲਈ 3500 ਰੁਪਏ ਦਿੱਤੇ ਜਾਂਦੇ ਹਨ, ਜਿਸ ਵਿਚ ਬੂਟਾਂ ਲਈ 200 ਰੁਪਏ ਅਤੇ ਯੂਨੀਫਾਰਮ ਲਈ ਲਗਭਗ 1000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਖ਼ ਵਿਚ ਨਾ ਤਾਂ 200 ਰੁਪਏ ਵਿਚ ਕੋਈ ਬੂਟਾ ਦਾ ਜੋੜਾ ਆਉਂਦਾ ਹੈ ਅਤੇ ਨਾ ਹੀ ਇੰਨੇ ਘੱਟ ਪੈਸਿਆਂ ਵਿਚ ਯੂਨੀਫਾਰਮ ਖ਼ਰੀਦੀ ਜਾ ਸਕਦੀ ਹੈ। ਇਸ ਲਈ ਸਰਕਾਰ ਨੂੰ ਯੂਨੀਫਾਰਮ ਦੇ ਰੇਟ ਰਿਵਾਈਜ਼ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News