ਨਿਗਮ ਕਮਿਸ਼ਨਰ ਨੇ NGT ’ਚ ਦਿੱਤਾ ਐਫੀਡੇਵਿਟ, ਤਰਪਾਲਾਂ ਨਾਲ ਢਕ ਕੇ ਚੱਲਦੀਆਂ ਨੇ ਕੂੜੇ ਨਾਲ ਲੱਦੀਆਂ ਗੱਡੀਆਂ

Wednesday, Jan 24, 2024 - 11:22 AM (IST)

ਨਿਗਮ ਕਮਿਸ਼ਨਰ ਨੇ NGT ’ਚ ਦਿੱਤਾ ਐਫੀਡੇਵਿਟ, ਤਰਪਾਲਾਂ ਨਾਲ ਢਕ ਕੇ ਚੱਲਦੀਆਂ ਨੇ ਕੂੜੇ ਨਾਲ ਲੱਦੀਆਂ ਗੱਡੀਆਂ

ਜਲੰਧਰ (ਖੁਰਾਣਾ)–ਐੱਨ. ਜੀ. ਓ. ਅਲਫ਼ਾ ਮਹਿੰਦਰੂ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਮਹਿੰਦਰੂ ਦੀ ਸ਼ਿਕਾਇਤ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਜਲੰਧਰ ਨਿਗਮ ਵਿਰੁੱਧ ਜਿਹੜਾ ਮਾਮਲਾ ਦਰਜ ਕੀਤਾ ਹੈ, ਉਸ ਦੇ ਤਹਿਤ ਬੀਤੇ ਦਿਨ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਐੱਨ. ਜੀ. ਟੀ. ਸਾਹਮਣੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ। ਇਸ ਤੋਂ ਪਹਿਲਾਂ ਐੱਨ. ਜੀ. ਟੀ. ਨੂੰ ਭੇਜੇ ਇਕ ਐਫੀਡੇਵਿਟ ਵਿਚ ਨਿਗਮ ਕਮਿਸ਼ਨਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਹੁਣ ਸ਼ਹਿਰ ਵਿਚ ਕੂੜੇ ਨਾਲ ਲੱਦੀਆਂ ਸਾਰੀਆਂ ਗੱਡੀਆਂ ਤਰਪਾਲ ਨਾਲ ਢਕ ਕੇ ਚੱਲਦੀਆਂ ਹਨ। ਆਪਣੇ ਦਾਅਵੇ ਦੀ ਪੁਸ਼ਟੀ ਵਿਚ ਕਮਿਸ਼ਨਰ ਨੇ ਤਰਪਾਲ ਨਾਲ ਢਕੇ ਵਾਹਨਾਂ ਦੀ ਫੋਟੋ ਭੇਜੀ ਹੈ ਅਤੇ ਨਗਰ ਨਿਗਮ ਦੇ ਕੂੜਾ ਢੋਣ ਵਾਲੇ ਵਾਹਨਾਂ ਅਤੇ ਪ੍ਰਾਈਵੇਟ ਠੇਕੇਦਾਰਾਂ ਦੀਆਂ ਗੱਡੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਜਲੰਧਰ ਸ਼ਹਿਰ ਵਿਚੋਂ ਹਰ ਰੋਜ਼ 500 ਟਨ ਦੇ ਲਗਭਗ ਕੂੜਾ ਨਿਕਲਦਾ ਹੈ, ਜਿਸ ਨੂੰ ਵਰਿਆਣਾ ਅਤੇ ਹੋਰ ਡੰਪ ਸਥਾਨਾਂ ’ਤੇ ਪਹੁੰਚਾਉਣ ਲਈ ਨਿਗਮ ਆਪਣੀਆਂ 100 ਅਤੇ ਪ੍ਰਾਈਵੇਟ ਠੇਕੇਦਾਰਾਂ ਦੀਆਂ ਲਗਭਗ 50 ਗੱਡੀਆਂ ਦੀ ਵਰਤੋਂ ਕਰਦਾ ਹੈ।

PunjabKesari
ਇਥੇ ਵਰਣਨਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਸ਼ਹਿਰ ਦਾ ਕੂੜਾ ਢੋਹਣ ਲਈ ਜਿਹੜੀਆਂ ਗੱਡੀਆਂ ਵਰਤ ਰਿਹਾ ਹੈ, ਉਹ ਬਹੁਤ ਖ਼ਸਤਾ ਹਾਲਤ ਵਿਚ ਹਨ। ਵਧੇਰੇ ਗੱਡੀਆਂ ਦੇ ਪਿੱਛੇ ‘ਡਾਲਾ’ ਤਕ ਨਹੀਂ ਹੁੰਦਾ ਅਤੇ ਕੋਈ ਵੀ ਗੱਡੀ ਤਰਪਾਲ ਨਾਲ ਢਕੀ ਹੋਈ ਨਹੀਂ ਹੁੰਦੀ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਇਹ ਗੱਡੀਆਂ ਕੂੜਾ ਖਿਲਾਰਦੇ ਹੋਏ ਜਾਂਦੀਆਂ ਹਨ। ਇਸ ਸਥਿਤੀ ਨਾਲ ਸ਼ਹਿਰ ਨਿਵਾਸੀ ਅਕਸਰ ਪ੍ਰੇਸ਼ਾਨ ਹੁੰਦੇ ਹਨ ਅਤੇ ਨਿਗਮ ਨੂੰ ਲਗਾਤਾਰ ਨਿੰਦਦੇ ਚਲੇ ਆ ਰਹੇ ਹਨ ਪਰ ਹੁਣ ਨਿਗਮ ਕਮਿਸ਼ਨਰ ਦੀ ਮੰਨੀਏ ਤਾਂ ਭਵਿੱਖ ਵਿਚ ਤੁਹਾਨੂੰ ਕੂੜੇ ਨਾਲ ਲੱਦੀਆਂ ਹੋਈਆਂ ਸਾਰੀਆਂ ਗੱਡੀਆਂ ਤਰਪਾਲ ਨਾਲ ਢਕੀਆਂ ਹੋਈਆਂ ਮਿਲਣਗੀਆਂ ਕਿਉਂਕਿ ਨਿਗਮ ਨੇ ਇਨ੍ਹਾਂ ਗੱਡੀਆਂ ਨੂੰ ਢਕਣ ਲਈ ਤਰਪਾਲਾਂ ਦੀ ਖਰੀਦ ਕੀਤੀ ਹੋਈ ਹੈ।

ਰਾਮ ਭਗਤਾਂ ਲਈ ਖ਼ੁਸ਼ਖ਼ਬਰੀ: ਜਲੰਧਰ ਕੈਂਟ ਤੋਂ ਅਯੁੱਧਿਆ ਲਈ 9 ਫਰਵਰੀ ਨੂੰ ਚੱਲੇਗੀ ਸਪੈਸ਼ਲ ਟਰੇਨ

ਜ਼ਿਕਰਯੋਗ ਹੈ ਕਿ ਮੌਜੂਦਾ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਧਰਮਪਤਨੀ ਮੈਡਮ ਸੁਨੀਤਾ ਰਿੰਕੂ ਜਦੋਂ ਜਲੰਧਰ ਨਿਗਮ ਵਿਚ ਕੌਂਸਲਰ ਸਨ, ਉਦੋਂ ਉਨ੍ਹਾਂ ਲਗਭਗ 3 ਸਾਲ ਪਹਿਲਾਂ ਕੌਂਸਲਰ ਹਾਊਸ ਵਿਚ ਇਹ ਮੁੱਦਾ ਉਠਾਇਆ ਸੀ ਪਰ 3 ਸਾਲਾਂ ਵਿਚ ਨਿਗਮ ਇਕ ਵੀ ਕੂੜੇ ਨਾਲ ਲੱਦੀ ਗੱਡੀ ਨੂੰ ਤਰਪਾਲ ਨਾਲ ਨਹੀਂ ਢਕ ਸਕਿਆ, ਹਾਲਾਂਕਿ ਉਸ ਸਮੇਂ ਕਾਂਗਰਸ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ।

ਵਰਿਆਣਾ ਅਤੇ ਚੌਗਿੱਟੀ ਡੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ, ਕੰਟਰੋਲ ਕੌਣ ਕਰੇਗਾ
ਰਮੇਸ਼ ਮਹਿੰਦਰੂ ਦੀ ਸ਼ਿਕਾਇਤ ’ਤੇ ਲਗਭਗ 6 ਮਹੀਨੇ ਪਹਿਲਾਂ ਐੱਨ. ਜੀ. ਟੀ. ਨੇ ਜ਼ਿਲਾ ਪ੍ਰਸ਼ਾਸਨ ਦੀ ਪ੍ਰਧਾਨਗੀ ਵਿਚ ਜੁਆਇੰਟ ਟੀਮ ਦਾ ਗਠਨ ਕੀਤਾ ਸੀ, ਜਿਸ ਨੇ ਚੌਗਿੱਟੀ ਅਤੇ ਵਰਿਆਣਾ ਡੰਪ ਸਾਈਟ ਦਾ ਦੌਰਾ ਕਰ ਕੇ ਆਪਣੀ ਰਿਪੋਰਟ ਐੱਨ. ਜੀ. ਟੀ. ਨੂੰ ਭੇਜੀ ਸੀ। ਉਸ ਰਿਪੋਰਟ ਦੇ ਆਧਾਰ ’ਤੇ ਐੱਨ. ਜੀ. ਟੀ. ਨੇ ਨਿਗਮ ਕਮਿਸ਼ਨਰ ਤੋਂ ਕਈ ਮੁੱਦਿਆਂ ’ਤੇ ਜਵਾਬ ਤਲਬ ਕੀਤੇ ਸਨ, ਜਿਨ੍ਹਾਂ ਨੂੰ ਇਕ ਐਫੀਡੇਵਿਟ ਦੇ ਰੂਪ ਵਿਚ ਭੇਜਿਆ ਗਿਆ। ਕਮਿਸ਼ਨਰ ਨੇ ਐੱਨ. ਜੀ. ਟੀ. ਨੂੰ ਦੱਸਿਆ ਕਿ ਵਰਿਆਣਾ ਡੰਪ ਅਤੇ ਚੌਗਿੱਟੀ ਡੰਪ ’ਤੇ ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਕੌਣ ਕਰੇਗਾ, ਇਸ ਦੀ ਰਿਪੋਰਟ ਕੌਣ ਅਤੇ ਕਿਸ ਨੂੰ ਭੇਜੇਗਾ। ਕੀ ਉਸ ਰਿਪੋਰਟ ’ਤੇ ਕਾਰਵਾਈ ਹੋਵੇਗੀ ਅਤੇ ਇਹ ਕੈਮਰੇ ਕਿੰਨੇ ਦਿਨ ਚਾਲੂ ਰਹਿ ਸਕਣਗੇ।

PunjabKesari

ਐਫੀਡੇਵਿਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵਰਿਆਣਾ ਡੰਪ ’ਤੇ ਪਏ ਕੂੜੇ ਨੂੰ ਅੱਗ ਲੱਗਣ ਦੀ ਸਥਿਤੀ ਵਿਚ ਉਥੇ ਸਥਾਈ ਰੂਪ ਨਾਲ ਉਥੇ ਇਕ ਫਾਇਰ ਬ੍ਰਿਗੇਡ ਖੜ੍ਹੀ ਕੀਤੀ ਜਾਂਦੀ ਹੈ ਤਾਂ ਕਿ ਆਲੇ-ਦੁਆਲੇ ਦੇ ਨਿਵਾਸੀਆਂ ਦੀ ਵੀ ਰੱਖਿਆ ਕੀਤੀ ਜਾ ਸਕੇ। ਕਮਿਸ਼ਨਰ ਵੱਲੋਂ ਦਿੱਤੇ ਗਏ ਐਫੀਡੇਵਿਟ ਵਿਚ ਵਰਿਆਣਾ ਡੰਪ ਦੀ ਸਮੱਸਿਆ ਨੂੰ ਦੂਰ ਕਰਨ, ਉਥੇ ਬਾਇਓ-ਮਾਈਨਿੰਗ ਪਲਾਂਟ ਲਾਉਣ, ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ ਲਾਗੂ ਕਰਨ, ਨਵੀਂ ਮਸ਼ੀਨਰੀ ਖਰੀਦਣ, ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਨ ਬਾਬਤ ਵੀ ਪਲਾਨਿੰਗ ਦੱਸੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ

ਚੁਗਿੱਟੀ ਡੰਪ ਦੇ ਬਹਾਨੇ ਪੂਰਾ ਸ਼ਹਿਰ NGT ਦੇ ਰਾਡਾਰ ’ਤੇ ਆਇਆ, ਹੁਣ ਅਗਲੀ ਸੁਣਵਾਈ ਪਹਿਲੀ ਅਪ੍ਰੈਲ ਨੂੰ
ਐੱਨ. ਜੀ. ਟੀ. ਅਤੇ ਨਿਗਮ ਅਧਿਕਾਰੀਆਂ ਵਿਚਕਾਰ ਬੀਤੇ ਿਦਨ ਜੋ ਵੀਡੀਓ ਕਾਨਫਰੰਸਿੰਗ ਹੋਈ, ਉਸ ਵਿਚ ਚੁਗਿੱਟੀ ਡੰਪ ’ਤੇ ਕੀਤੇ ਗਏ ਇੰਤਜ਼ਾਮ ’ਤੇ ਤਾਂ ਤਸੱਲੀ ਪ੍ਰਗਟ ਕੀਤੀ ਗਈ ਪਰ ਇਸ ਮਾਮਲੇ ਵਿਚ ਐੱਨ. ਜੀ. ਟੀ. ਨੇ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਆਪਣੇ ਰਾਡਾਰ ’ਤੇ ਲੈ ਲਿਆ ਹੈ। ਜ਼ਿਕਰਯੋਗ ਹੈ ਕਿ 6 ਮਹੀਨੇ ਪਹਿਲਾਂ ਜੁਆਇੰਟ ਕਮੇਟੀ ਨੇ ਜੋ ਰਿਪੋਰਟ ਐੱਨ. ਜੀ. ਟੀ. ਨੂੰ ਭੇਜੀ ਸੀ, ਉਸ ਵਿਚ ਨਿਗਮ ਦੀਆਂ ਕਈ ਕਮੀਆਂ ਕੱਢੀਆਂ ਗਈਆਂ, ਜਿਨ੍ਹਾਂ ਨੂੰ 6 ਮਹੀਨਿਆਂ ਵਿਚ ਦੂਰ ਨਹੀਂ ਕੀਤਾ ਿਗਆ ਅਤੇ ਸੁਣਵਾਈ ਤੋਂ ਇਕ ਦਿਨ ਪਹਿਲਾਂ ਚੁਗਿੱਟੀ ਡੰਪ ਨੂੰ ਸਜਾ ਅਤੇ ਸੰਵਾਰ ਿਦੱਤਾ ਗਿਆ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਜੋ ਕੰਮ ਜਲੰਧਰ ਨਿਗਮ ਸਾਲਾਂ ਤੋਂ ਨਹੀਂ ਕਰ ਸਕਿਆ, ਉਹ ਅਗਲੀ ਸੁਣਵਾਈ ਭਾਵ ਇਕ ਮਹੀਨੇ ਤਕ ਕਿਵੇਂ ਕਰ ਪਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਟ੍ਰਿਬਿਊਨਲ ਨਗਰ ਨਿਗਮ ’ਤੇ ਕੀ ਐਕਸ਼ਨ ਲੈਂਦਾ ਹੈ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News