Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
Friday, Jan 17, 2025 - 12:22 PM (IST)
ਕਪੂਰਥਲਾ (ਭੂਸ਼ਣ, ਮਹਾਜਨ)-ਕਪੂਰਥਲਾ ਵਿਖੇ ਪਿੰਡ ਫੂਲੇਵਾਲ ’ਚ ਬੀਤੇ ਦਿਨੀਂ ਇਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਸ ਨੇ 24 ਘੰਟੇ ’ਚ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਅੰਨ੍ਹੇ ਕਤਲ ਦੇ ਦੋਵਾਂ ਮੁਲਜ਼ਮਾਂ ਨੇ ਮ੍ਰਿਤਕ ਨੂੰ ਰਸਤੇ ਤੋਂ ਹਟਾਉਣ ਲਈ ਅੰਜਾਮ ਦਿੱਤਾ ਸੀ। ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ 12 ਜਨਵਰੀ 2025 ਦੀ ਰਾਤ ਲਖਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਫੂਲੇਵਾਲ ਥਾਣਾ ਸਦਰ ਕਪੂਰਥਲਾ ਆਪਣੇ ਪਿੰਡ ਫੂਲੇਵਾਲ ਤੋਂ ਰਾਤ ਦੀ ਡਿਊਟੀ ’ਤੇ ਨਿਕਲਿਆ ਸੀ। ਇਸ ਦੌਰਾਨ ਉਸ ਦਾ ਪਿੰਡ ਡੈਣਵਿੰਡ ਦੇ ਸ਼ਮਸ਼ਾਨਘਾਟ ’ਚ 2 ਮੁਲਜ਼ਮਾਂ ਨੇ ਸਿਰ ’ਤੇ ਖੰਡੇ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਸ ਦੌਰਾਨ ਲਖਵਿੰਦਰ ਸਿੰਘ ਦੀ ਇਲਾਜ ਦੌਰਾਨ ਅੰਮ੍ਰਿਤਸਰ ’ਚ ਮੌਤ ਹੋ ਗਈ ਸੀ।
ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐੱਸ. ਐੱਸ. ਪੀ. ਗੌਰਵ ਤੂਰਾ ਨੇ ਐੱਸ. ਪੀ. (ਡੀ.) ਸਰਬਜੀਤ ਰਾਏ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਪੁਲਸ ਟੀਮ ਜਿਸ ’ਚ ਡੀ. ਐੱਸ. ਪੀ. ਸਬ ਡਿਵੀਜ਼ਨ ਦੀਪਕਰਨ ਸਿੰਘ, ਡੀ. ਐੱਸ. ਪੀ. (ਡੀ.) ਪਰਮਿੰਦਰ ਸਿੰਘ, ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਐੱਸ. ਐੱਚ. ਓ. ਕੋਤਵਾਲੀ ਕ੍ਰਿਪਾਲ ਸਿੰਘ ਨੂੰ ਸ਼ਾਮਲ ਕੀਤਾ ਸੀ। ਪੂਰੀ ਟੀਮ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਟੈਕਨੀਕਲ ਅਤੇ ਹੋਰ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਮ੍ਰਿਤਕ ਲਖਵਿੰਦਰ ਸਿੰਘ ਦੀ ਪਤਨੀ ਤਮੰਨਾ ਨੂੰ ਰਾਊਂਡਅਪ ਕਰਕੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਪ੍ਰੇਮੀ ਕੁਲਦੀਪ ਕੁਮਾਰ ਰਿਪਾ ਪੁੱਤਰ ਹਰਮੇਸ਼ ਲਾਲ ਵਾਸੀ ਆਦਰਸ਼ ਨਗਰ ਹੁਸ਼ਿਆਰਪੁਰ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਇਸ ਦੌਰਾਨ ਇਕ ਸਾਜ਼ਿਸ਼ ਤਹਿਤ ਕੁਲਦੀਪ ਕੁਮਾਰ ਉਰਫ਼ ਰਿਪਾ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਲਖਵਿੰਦਰ ਸਿੰਘ ਦੇ ਸਿਰ ’ਤੇ ਖੰਡੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਦੀ ਪਤਨੀ ਤਮੰਨਾ ਦਾ ਇੰਸਟਾਗ੍ਰਾਮ ਦੇ ਮਾਰਫ਼ਤ ਮੁਲਜ਼ਮ ਕੁਲਦੀਪ ਕੁਮਾਰ ਉਰਫ਼ ਰਿਪਾ ਨਾਲ ਸੰਪਰਕ ਹੋਇਆ ਸੀ, ਜਿਨ੍ਹਾਂ ਦੇ ਆਪਸ ’ਚ ਪ੍ਰੇਮ ਸੰਬੰਧ ਬਣ ਗਏ ਸੀ, ਜੋ ਅਕਸਰ ਰਾਤ ਨੂੰ ਇਕ ਦੂਜੇ ਨਾਲ ਵ੍ਹਟਸਐਪ ’ਤੇ ਗੱਲਬਾਤ ਕਰਦੇ ਰਹਿੰਦੇ ਸੀ। ਤਮੰਨਾ ਦਾ ਪਤੀ ਲਖਵਿੰਦਰ ਸਿੰਘ ਰਾਤ ਨੂੰ ਇਕ ਹਸਪਤਾਲ ’ਚ ਡਿਊਟੀ ਕਰਦਾ ਸੀ। ਦੋਵਾਂ ਮੁਲਜ਼ਮਾਂ ਨੇ ਵਿਆਹ ਕਰਵਾਉਣ ਦੇ ਮਕਸਦ ਨਾਲ ਲਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ ਨੇ ਖੋਲ੍ਹਿਆ ਵੱਡਾ ਰਾਜ਼
ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਮੁਲਜ਼ਮ ਕੁਲਦੀਪ ਕੁਮਾਰ ਉਰਫ਼ ਰਿਪਾ ਖ਼ਿਲਾਫ਼ ਜ਼ਿਲ੍ਹਾ ਹੁਸ਼ਿਆਰਪੁਰ ’ਚ 3 ਵੱਖ-ਵੱਖ ਥਾਣਿਆਂ ’ਚ ਲੁੱਟ-ਖੋਹ ਦੇ 3 ਮਾਮਲੇ ਦਰਜ ਹਨ ਅਤੇ ਮੁਲਜ਼ਮ 15 ਸਤੰਬਰ 2023 ਨੂੰ ਜ਼ਮਾਨਤ ’ਤੇ ਬਾਹਰ ਆਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਐੱਸ. ਪੀ. ਦੇ ਨਾਲ ਐੱਸ. ਪੀ. (ਡੀ.) ਸਰਬਜੀਤ ਰਾਏ, ਡੀ. ਐੱਸ. ਪੀ. (ਡੀ.) ਪਰਮਿੰਦਰ ਸਿੰਘ, ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਐੱਸ. ਐੱਚ. ਓ. ਕੋਤਵਾਲੀ ਕ੍ਰਿਪਾਲ ਸਿੰਘ ਹਾਜਰ ਸਨ।
ਇਹ ਵੀ ਪੜ੍ਹੋ : ਦਿੱਲੀ ਵਾਸੀ ਨਫ਼ਰਤ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਨਕਾਰ ਦੇਣ : ਭਗਵੰਤ ਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e