ਜਲੰਧਰ ਦੇ ਨਵੇਂ ਚੁਣੇ ਗਏ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਦੇ ਸਾਹਮਣੇ ਨੇ ਕਈ ਚੈਲੰਜ

Wednesday, Dec 06, 2023 - 11:03 AM (IST)

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਨੌਜਵਾਨ ਆਈ. ਏ. ਐੱਸ. ’ਤੇ ਭਰੋਸਾ ਪ੍ਰਗਟਾਉਂਦਿਆਂ 2015 ਬੈਚ ਦੇ ਆਈ. ਏ. ਐੱਸ.ਅਧਿਕਾਰੀ ਆਦਿੱਤਿਆ ਉੱਪਲ ਨੂੰ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਅਹੁਦੇ ’ਤੇ ਤਾਇਨਾਤ ਕੀਤਾ ਹੈ। ਬੀਤੇ ਦਿਨ ਜਾਰੀ ਹੋਏ ਪ੍ਰਸ਼ਾਸਨਿਕ ਤਬਾਦਲਿਆਂ ਸਬੰਧੀ ਹੁਕਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਦਿੱਤਿਆ ਉੱਪਲ 1-2 ਦਿਨਾਂ ਵਿਚ ਹੀ ਆਪਣਾ ਕਾਰਜਭਾਰ ਸੰਭਾਲ ਲੈਣਗੇ। ਫਿਲਹਾਲ ਉਹ ਪਟਿਆਲਾ ਨਗਰ ਨਿਗਮ ਵਿਚ ਕਮਿਸ਼ਨਰ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਨੂੰ ਇਕ ਵਧੀਆ ਪ੍ਰਸ਼ਾਸਨਿਕ ਅਧਿਕਾਰੀ ਮੰਨਿਆ ਜਾਂਦਾ ਹੈ।

ਪਟਿਆਲਾ ਨਿਗਮ ਵਿਚ ਕਮਿਸ਼ਨਰ ਰਹਿੰਦੇ ਹੋਏ ਉਨ੍ਹਾਂ ਜਿੱਥੇ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਅਤੇ ਸਵੱਛਤਾ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤਾ, ਉਥੇ ਹੀ ਨਿਗਮ ਦੇ ਬਾਕੀ ਵਿਭਾਗਾਂ ਦੀ ਵੀ ਬਾਖੂਬੀ ਅਗਵਾਈ ਕੀਤੀ। ਖ਼ਾਸ ਗੱਲ ਇਹ ਹੈ ਕਿ ਆਦਿੱਤਿਆ ਉੱਪਲ ਨੇ ਉਸ ਸਮੇਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ ਸੰਭਾਲਣਾ ਹੈ, ਜਦੋਂ ਸ਼ਹਿਰ ਦੀ ਹਾਲਤ ਕਾਫ਼ੀ ਖ਼ਰਾਬ ਮੰਨੀ ਜਾ ਰਹੀ ਹੈ ਅਤੇ ਨਿਗਮ ਦਾ ਆਪਣਾ ਸਿਸਟਮ ਵੀ ਲੱਚਰ ਜਿਹਾ ਹੋ ਚੁੱਕਾ ਹੈ।

ਨਗਰ ਨਿਗਮ ਅਤੇ ਸੰਸਦੀ ਚੋਣਾਂ ਹਨ ਸਭ ਤੋਂ ਵੱਡਾ ਚੈਲੰਜ
ਨਵੇਂ ਨਿਗਮ ਕਮਿਸ਼ਨਰ ਦੇ ਮੋਢਿਆਂ ’ਤੇ ਜਿੱਥੇ ਸ਼ਹਿਰ ਦੇ ਵਿਗੜ ਚੁੱਕੇ ਸਿਸਟਮ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਹੋਵੇਗੀ, ਉਥੇ ਹੀ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਚੈਲੇਂਜ 2 ਚੋਣਾਂ ਹਨ। ਜ਼ਿਕਰਯੋਗ ਹੈ ਕਿ ਅਗਲੇ ਕੁਝ ਹੀ ਮਹੀਨਿਆਂ ਵਿਚ ਨਗਰ ਨਿਗਮ ਅਤੇ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਦੋਵੇਂ ਹੀ ਚੋਣਾਂ ਆਮ ਆਦਮੀ ਪਾਰਟੀ ਲਈ ਕਾਫੀ ਮਹੱਤਵਪੂਰਨ ਸਮਝੀਆਂ ਜਾ ਰਹੀਆਂ ਹਨ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦੇ ਲਗਭਗ 2 ਸਾਲ ਬਾਅਦ ਇਹ ਚੋਣਾਂ ਹੋਣੀਆਂ ਹਨ, ਇਸ ਲਈ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ

ਨਿਗਮ ਯੂਨੀਅਨਾਂ ਨਾਲ ਨਜਿੱਠਣਾ ਵੀ ਆਸਾਨ ਕੰਮ ਨਹੀਂ
ਆਦਿੱਤਿਆ ਉੱਪਲ ਭਾਵੇਂ ਪਟਿਆਲਾ ਨਗਰ ਨਿਗਮ ਵਿਚ ਕਮਿਸ਼ਨਰ ਰਹੇ ਹਨ ਪਰ ਛੋਟਾ ਸ਼ਹਿਰ ਹੋਣ ਦੇ ਨਾਤੇ ਅਤੇ ਉਥੇ ਯੂਨੀਅਨ ਆਦਿ ਦਾ ਪ੍ਰਭਾਵ ਜ਼ਿਆਦਾ ਨਾ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਈ ਪਰ ਜਲੰਧਰ ਦੀ ਗੱਲ ਵੱਖ ਹੈ। ਇਥੇ ਨਗਰ ਨਿਗਮ ਵਿਚ 2 ਯੂਨੀਅਨਾਂ ਕਾਫ਼ੀ ਪ੍ਰਭਾਵਸ਼ਾਲੀ ਸਮਝੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਨਿਗਮ ਦੇ ਅਫ਼ਸਰ ਵੀ ਡਰਦੇ ਹਨ। ਦੋਵਾਂ ਯੂਨੀਅਨਾਂ ਦੇ ਆਗੂ ਆਪਣੀ-ਆਪਣੀ ਬਰਾਦਰੀ ਵਿਚ ਵੀ ਕਾਫ਼ੀ ਪ੍ਰਭਾਵ ਰੱਖਦੇ ਹਨ। ਨਿਗਮ ਦੇ ਵਧੇਰੇ ਕੰਮਾਂ ਅਤੇ ਸਿਸਟਮ ਨੂੰ ਚਲਾਉਣ ਵਿਚ ਯੂਨੀਅਨ ਆਗੂਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਹੜਤਾਲ ਆਦਿ ਦੀ ਅਕਸਰ ਮਿਲਣ ਵਾਲੀ ਧਮਕੀ ਨਾਲ ਨਜਿੱਠਣਾ ਵੀ ਉਨ੍ਹਾਂ ਦੇ ਸਾਹਮਣੇ ਇਕ ਚੁਣੌਤੀ ਹੀ ਹੋਵੇਗੀ।

ਸਮਾਰਟ ਸਿਟੀ ਦੇ ਕੰਮ ਚਲਾਉਣ ’ਚ ਵੀ ਮਿਹਨਤ ਕਰਨੀ ਹੋਵੇਗੀ
ਉਂਝ ਤਾਂ ਆਦਿੱਤਿਆ ਉੱਪਲ ਨੂੰ ਇਕ ਵਧੀਆ ਪ੍ਰਸ਼ਾਸਕ ਮੰਨਿਆ ਜਾਂਦਾ ਹੈ ਪਰ ਜਲੰਧਰ ਵਿਚ ਜਿਸ ਤਰ੍ਹਾਂ ਸਮਾਰਟ ਸਿਟੀ ਦੇ ਜ਼ਿਆਦਾਤਰ ਪ੍ਰਾਜੈਟਾਂ ਵਿਚ ਪਿਛਲੇ ਸਮੇਂ ਦੌਰਾਨ ਗੜਬੜੀ ਹੋਈ ਅਤੇ ਹੁਣ ਵੀ ਕਈ ਪ੍ਰਾਜੈਕਟ ਘਿਸੜ-ਘਿਸੜ ਕੇ ਚੱਲ ਰਹੇ ਹਨ। ਅਜਿਹੇ ਵਿਚ ਸਮਾਰਟ ਸਿਟੀ ਦੇ ਕੰਮ ਚਲਾਉਣ ਵਿਚ ਉਨ੍ਹਾਂ ਨੂੰ ਚੰਗੀ ਖਾਸੀ ਮਿਹਨਤ ਕਰਨੀ ਹੋਵੇਗੀ।

ਇਹ ਵੀ ਪੜ੍ਹੋ : 3 ਸੂਬਿਆਂ ’ਚ ਜਿੱਤ ਪਿੱਛੋਂ ਰਾਜ ਸਭਾ ਚੋਣਾਂ ’ਚ ਭਾਜਪਾ 7 ਸੀਟਾਂ ਨੂੰ ਰੱਖੇਗੀ ਬਰਕਰਾਰ, ਕਾਂਗਰਸ ਨੂੰ ਵੀ ਹੋਵੇਗਾ ਫਾਇਦਾ

ਸ਼ਹਿਰ ਦੇ ਹਾਲਾਤ ਖ਼ਰਾਬ, ਅਫ਼ਸਰਾਂ ਦੀ ਲਾਪਰਵਾਹੀ ਕਾਰਨ ਤਕਲੀਫ਼ਾਂ ਝੱਲ ਰਹੇ ਹਨ ਸ਼ਹਿਰ ਨਿਵਾਸੀ
ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਜਲੰਧਰ ਦਾ ਸਿਸਟਮ ਬਹੁਤ ਵਿਗੜਿਆ ਹੋਇਆ ਹੈ, ਜਿਸ ਕਾਰਨ ਸ਼ਹਿਰ ਦੀ ਹਾਲਤ ਵੀ ਵਧੀਆ ਨਹੀਂ ਹੈ। ਸਾਬਕਾ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਡਾ. ਰਿਸ਼ੀਪਾਲ ਨੇ ਸ਼ਹਿਰ ਅਤੇ ਨਿਗਮ ਦੀ ਹਾਲਤ ਨੂੰ ਸੁਧਾਰਨ ਦੇ ਕਈ ਯਤਨ ਕੀਤੇ ਪਰ ਉਨ੍ਹਾਂ ਦਾ ਜਲਦ ਤਬਾਦਲਾ ਕਰ ਦਿੱਤਾ ਗਿਆ। ਅਫ਼ਸਰਾਂ ਦੀ ਲਾਪ੍ਰਵਾਹੀ ਦੀ ਹੱਦ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸੜਕਾਂ ਕਿਨਾਰੇ ਪਾਣੀ ਦੀ ਨਿਕਾਸੀ ਲਈ ਬਣੀਆਂ ਰੋਡ-ਗਲ਼ੀਆਂ ਦੀ ਸਫ਼ਾਈ ਹੀ ਨਹੀਂ ਕਰਵਾਈ, ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਸਾਰਾ ਪਾਣੀ ਸੜਕਾਂ ਅਤੇ ਗਲੀਆਂ ਵਿਚ ਖੜ੍ਹਾ ਹੋ ਜਾਂਦਾ ਹੈ, ਜੋ ਕਿ ਕਈ-ਕਈ ਘੰਟੇ ਅਤੇ ਕਈ ਦਿਨ ਨਹੀਂ ਨਿਕਲਦਾ। ਪਾਣੀ ਦੀ ਨਿਕਾਸੀ ਦਾ ਸਿਸਟਮ ਠੀਕ ਨਾ ਹੋਣ ਕਾਰਨ ਜ਼ਿਆਦਾ ਬਰਸਾਤ ਹੋਣ ’ਤੇ ਸ਼ਹਿਰ ਡੁੱਬ ਜਿਹਾ ਜਾਂਦਾ ਹੈ ਪਰ ਨਿਗਮ ਅਧਿਕਾਰੀਆਂ ’ਤੇ ਇਸ ਸਥਿਤੀ ਦਾ ਕੋਈ ਅਸਰ ਨਹੀਂ।

ਕੰਟਰੋਲ ਨਹੀਂ ਹੋ ਪਾ ਰਹੀ ਕੂੜੇ ਦੀ ਸਮੱਸਿਆ
ਪਿਛਲੇ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਡਾ. ਰਿਸ਼ੀਪਾਲ ਨੇ ਸ਼ਹਿਰ ਵਿਚੋਂ ਕੂੜੇ ਦੀ ਸਮੱਸਿਆ ਖ਼ਤਮ ਕਰਨ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ’ਤੇ ਲਾਇਆ ਸੀ ਅਤੇ ਸੈਨੀਟੇਸ਼ਨ ਵਿਭਾਗ ਵਿਚ ਵੀ ਉੱਥਲ-ਪੁਥਲ ਕੀਤੀ ਸੀ ਪਰ ਇਸਦੇ ਬਾਵਜੂਦ ਸ਼ਹਿਰ ਵਿਚੋਂ ਕੂੜੇ ਦੀ ਸਮੱਸਿਆ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਸਮੇਂ ਵਰਿਆਣਾ ਡੰਪ ਦੇ ਹਾਲਾਤ ਵੀ ਵਧੀਆ ਨਹੀਂ ਹਨ ਅਤੇ ਸ਼ਹਿਰ ਦੇ ਸਾਰੇ ਡੰਪ ਸਥਾਨਾਂ ’ਤੇ ਕਾਫੀ ਮਾਤਰਾ ਵਿਚ ਕੂੜਾ ਆ ਰਿਹਾ ਹੈ। ਪਲਾਸਟਿਕ ’ਤੇ ਪਾਬੰਦੀ ਨੂੰ ਵੀ ਨਿਗਮ ਲਾਗੂ ਨਹੀਂ ਕਰ ਪਾ ਰਿਹਾ ਅਤੇ ਕੂੜੇ ਦੇ ਵੱਡੇ ਉਤਪਾਦਕ ਵੀ ਸਾਰਾ ਕੂੜਾ ਨਿਗਮ ਦੇ ਡੰਪ ਸਥਾਨਾਂ ’ਤੇ ਹੀ ਸੁੱਟ ਰਹੇ ਹਨ। ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਸਮੱਸਿਆ ਹੋਣ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ, ਇਸ ਲਈ ਨਵੇਂ ਨਗਰ ਨਿਗਮ ਕਮਿਸ਼ਨਰ ਨੂੰ ਸਭ ਤੋਂ ਪਹਿਲਾਂ ਸ਼ਹਿਰ ਦੀ ਸਫ਼ਾਈ ਦੀ ਹਾਲਤ ਠੀਕ ਕਰਨੀ ਹੋਵੇਗੀ ਅਤੇ ਸਵੀਪਿੰਗ ਮਸ਼ੀਨਾਂ ਤੋਂ ਕੰਮ ਲੈਣਾ ਹੋਵੇਗਾ।

ਇਹ ਵੀ ਪੜ੍ਹੋ :  ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ

ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਵੀ ਆਊਟ ਆਫ਼ ਕੰਟਰੋਲ
ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਬੰਦ ਸੀਵਰੇਜ ਅਤੇ ਗੰਦੇ ਪਾਣੀ ਦੀ ਸਪਲਾਈ ਹੋਣ ਦੀ ਸਮੱਸਿਆ ਝੱਲ ਰਿਹਾ ਹੈ ਪਰ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ। ਇਸ ਕਾਰਨ ਨਗਰ ਨਿਗਮ ਵਿਚ ਅਕਸਰ ਧਰਨੇ-ਪ੍ਰਦਰਸ਼ਨ ਹੋ ਰਹੇ ਹਨ ਅਤੇ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਸਮੱਸਿਆ ਆਊਟ ਆਫ਼ ਕੰਟਰੋਲ ਹੁੰਦੀ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਨੂੰ ਇਸ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਧਾਰਨਾ ਹੋਵੇਗਾ, ਨਹੀਂ ਤਾਂ ਆਗਾਮੀ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।

ਇਹ ਵੀ ਪੜ੍ਹੋ :  ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News