ਰੇਲ ਮੁਸਾਫਰਾਂ ''ਚ ਫੈਲੀ ਕੋਰੋਨਾ ਵਾਇਰਸ ਦੀ ਦਹਿਸ਼ਤ
Monday, Mar 16, 2020 - 11:16 AM (IST)

ਜਲੰਧਰ (ਗੁਲਸ਼ਨ)— ਦੇਸ਼ 'ਚ ਕਰੋਨਾ ਵਾਇਰਸ ਦੇ ਕਾਰਨ ਲੋਕਾਂ 'ਚ ਖਲਬਲੀ ਮਚੀ ਹੋਈ ਹੈ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਵਧਦੀ ਗਿਣਤੀ ਨੇ ਸਰਕਾਰ ਦੀ ਚਿੰਤਾ ਨੂੰ ਵੀ ਕਾਫ਼ੀ ਵਧਾ ਦਿੱਤਾ ਹੈ, ਹਾਲਾਂਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਸ ਵਾਇਰਸ ਨਾਲ ਨਿਪਟਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਜਨਤਾ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਕ ਪਾਸੇ ਜਿੱਥੇ ਟੂਰ ਐਂਡ ਟਰੈਵਲ ਟਰੇਡ ਤੋਂ ਲੈ ਕੇ ਹਰ ਤਰ੍ਹਾਂ ਦੇ ਵਪਾਰ 'ਤੇ ਮੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਰੇਲ ਆਵਾਜਾਈ 'ਤੇ ਵੀ ਇਸ ਦਾ ਕਾਫੀ ਅਸਰ ਪਿਆ ਹੈ। ਰੇਲ ਮੁਸਾਫਰਾਂ 'ਚ ਫੈਲੀ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਟਰੇਨਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ 'ਚ ਕਾਫੀ ਕਮੀ ਦਰਜ ਕੀਤੀ ਗਈ ਹੈ।
ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਰਿਜ਼ਰਵੇਸ਼ਨ ਕੇਂਦਰ ਤੋਂ ਟਿਕਟ ਬੁੱਕ ਕਰਵਾਉਣ ਵਾਲੇ ਮੁਸਾਫਰਾਂ ਦੇ ਮੁਕਾਬਲੇ ਟਿਕਟਾਂ ਰੱਦ ਕਰਵਾਉਣ ਵਾਲੇ ਮੁਸਾਫਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਟਿਕਟ ਕਾਊਂਟਰਾਂ 'ਤੇ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਪਿਛਲੇ 2 ਦਿਨਾਂ 'ਚ (ਸ਼ਨੀਵਾਰ ਅਤੇ ਐਤਵਾਰ) ਕਰੀਬ 800 ਤੋਂ ਜ਼ਿਆਦਾ ਲੋਕਾਂ ਨੇ ਆਪਣੀਆਂ ਟਿਕਟਾਂ ਰੱਦ ਕਰਵਾਈਆਂ, ਜਿਨ੍ਹਾਂ ਨੂੰ ਰੇਲਵੇ ਨੇ ਕਰੀਬ 5 ਲੱਖ 70 ਹਜ਼ਾਰ ਰੁਪਏ ਦਾ ਰੀਫੰਡ ਦਿੱਤਾ, ਜਿਨ੍ਹਾਂ 'ਚ ਸ਼ਨੀਵਾਰ ਨੂੰ ਕਰੀਬ 3 ਲੱਖ 40 ਹਜ਼ਾਰ ਰੁਪਏ ਅਤੇ ਐਤਵਾਰ ਨੂੰ ਕਰੀਬ 2 ਲੱਖ 30 ਹਜ਼ਾਰ ਰੁਪਏ ਦਾ ਰੀਫੰਡ ਦਿੱਤਾ ਗਿਆ।
ਮੁਸਾਫਰਾਂ ਦੀ ਘੱਟ ਦੀ ਗਿਣਤੀ ਕਾਰਨ ਬੁਕਿੰਗ ਆਫਿਸ 'ਤੇ ਜਨਰਲ ਟਿਕਟਾਂ ਦੀ ਸੇਲ 'ਚ ਵੀ ਕਾਫ਼ੀ ਕਮੀ ਆਈ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਾਲ ਮਾਰਚ ਮਹੀਨੇ 'ਚ ਤਕਰੀਬਨ ਰੋਜ਼ਾਨਾ 10 ਤੋਂ 12 ਲੱਖ ਰੁਪਏ ਦੀ ਸੇਲ ਹੁੰਦੀ ਸੀ, ਜੋ ਕਿ ਇਸ ਵਾਰ ਘਟ ਕੇ 7 ਤੋਂ 10 ਲੱਖ ਪਹੁੰਚ ਗਈ ਹੈ, ਯਾਨੀ ਕਿ ਰੋਜ਼ਾਨਾ 3 ਤੋਂ 5 ਲੱਖ ਰੁਪਏ ਦੀ ਵਿਕਰੀ ਘੱਟ ਹੋ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ
ਐੱਲ. ਈ. ਡੀ. ਸਕਰੀਨਾਂ 'ਤੇ ਦਿਖਾਏ ਜਾ ਰਹੇ ਹਨ ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ
ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ਅਤੇ ਬੁਕਿੰਗ ਆਫਿਸ ਬਾਹਰ ਹਾਲ ਹੀ 'ਚ 32 ਇੰਚ ਦੀਆਂ 9 ਐੱਲ. ਈ. ਡੀ. ਸਕਰੀਨਾਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਚਾਲੂ ਤਾਂ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਰੇਲਵੇ ਦੇ ਸਰਵਰ ਨਾਲ ਅਜੇ ਨਹੀਂ ਜੋੜਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਕ-ਦੋ ਦਿਨਾਂ 'ਚ ਇਨ੍ਹਾਂ ਨੂੰ ਸਰਵਰ ਦੇ ਨਾਲ ਜੋੜ ਦਿੱਤਾ ਜਾਵੇਗਾ। ਫਿਲਹਾਲ ਇਨ੍ਹਾਂ ਸਕਰੀਨਾਂ 'ਤੇ ਮੁਸਾਫਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ ਦਿਖਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰੇਲਵੇ ਵਿਭਾਗ ਵੱਲੋਂ ਟਰੇਨਾ 'ਚ ਪੋਸਟਰ ਲਾ ਕੇ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਮੁਸਾਫਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ