ਐਤਵਾਰ ਨੂੰ ਦੁਕਾਨ ਖੋਲ੍ਹਣੀ ਪਈ ਮਹਿੰਗੀ, ਮੁਕੱਦਮਾ ਹੋਇਆ ਦਰਜ
Monday, Jun 29, 2020 - 11:54 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਅੱਡਾ ਸਰਾਂ 'ਤੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਐਤਵਾਰ ਨੂੰ ਦੁਕਾਨ ਖੋਲ੍ਹਣ ਵਾਲੇ ਇਕ ਦੁਕਾਨਦਾਰ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ ਅਤੇ ਮਨਜੀਤ ਸਿੰਘ ਦੀ ਟੀਮ ਵੱਲੋਂ ਇਹ ਕਾਰਵਾਈ ਗੁਰੂ ਕ੍ਰਿਪਾ ਕਨਫੈਕਸ਼ਨਰੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਮਾਨਾ ਪੁੱਤਰ ਅੰਮ੍ਰਿਤ ਲਾਲ ਨਿਵਾਸੀ ਕੰਧਾਲਾ ਜੱਟਾਂ ਦੇ ਖ਼ਿਲਾਫ਼ ਕੀਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਤਵਾਰ ਨੂੰ ਬੰਦ ਦੇ ਚਲਦਿਆਂ ਜਦੋਂ ਪੁਲਸ ਦੀ ਟੀਮ ਅੱਡਾ ਸਰਾਂ ਤੋਂ ਕੰਧਾਲਾਂ ਜੱਟਾਂ ਰੋਡ 'ਤੇ ਗਸ਼ਤ ਰਹੀ ਸੀ ਤਾਂ ਉਕਤ ਦੁਕਾਨਦਾਰ ਦੁਕਾਨ ਖੋਲ੍ਹ ਕੇ ਗਾਹਕਾਂ ਦੀ ਉਡੀਕ 'ਚ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।