ਮਹਾਨਗਰ ਦੇ ਸੀਨੀਅਰ ਸਰਜਨ ਅਤੇ 6 ਮਹੀਨਿਆਂ ਦੇ ਬੱਚੇ ਸਮੇਤ 19 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Sunday, Apr 16, 2023 - 11:23 AM (IST)

ਮਹਾਨਗਰ ਦੇ ਸੀਨੀਅਰ ਸਰਜਨ ਅਤੇ 6 ਮਹੀਨਿਆਂ ਦੇ ਬੱਚੇ ਸਮੇਤ 19 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ)–ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਸੀਨੀਅਰ ਸਰਜਨ ਅਤੇ 6 ਮਹੀਨਿਆਂ ਦੇ ਬੱਚੇ ਸਮੇਤ 19 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ ਇਕ ਮਰੀਜ਼ ਕਿਸੇ ਹੋਰ ਜ਼ਿਲ੍ਹੇ ਦਾ ਰਹਿਣ ਵਾਲਾ ਪਾਇਆ ਗਿਆ।  ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 19 ਮਰੀਜ਼ਾਂ ਵਿਚ 6 ਮਹੀਨੇ, 2 ਸਾਲ ਅਤੇ 8 ਸਾਲ ਦੇ ਬੱਚੇ ਅਤੇ ਮਹਾਨਗਰ ਦਾ ਇਕ ਸੀਨੀਅਰ ਸਰਜਨ ਸ਼ਾਮਲ ਹੈ। ਇਹ ਮਰੀਜ਼ ਨਿਊ ਜਵਾਹਰ ਨਗਰ, ਮਾਸਟਰ ਤਾਰਾ ਸਿੰਘ ਨਗਰ, ਨਿਊ ਕਰਤਾਰ ਨਗਰ, ਨਿਊ ਮਾਡਲ ਟਾਊਨ, ਸਿਲਵਰ ਰੈਜ਼ੀਡੈਂਸੀ, ਡਾਇਮੰਡ ਜੁਬਲੀ ਕਾਲੋਨੀ, ਲੱਧੇਵਾਲੀ ਅਤੇ ਵੱਖ-ਵੱਖ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ :ਸਾਬਕਾ CM ਚੰਨੀ ’ਤੇ ਮਲਵਿੰਦਰ ਕੰਗ ਦਾ ਨਿਸ਼ਾਨਾ, ਕਿਹਾ-ਕਿਸ ਗ਼ਰੀਬ ਕੋਲ ਹੈ 10 ਕਰੋੜ ਦੀ ਜਾਇਦਾਦ?

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਲੈ ਕੇ ਹੁਣ ਤੱਕ ਸਿਹਤ ਮਹਿਕਮੇ ਨੇ ਜ਼ਿਲ੍ਹੇ ਵਿਚ 25,35,245 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਸਤੇ ਲਏ ਅਤੇ ਇਨ੍ਹਾਂ ਵਿਚੋਂ 81,432 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਕੁੱਲ ਮਰੀਜ਼ਾਂ ਵਿਚੋਂ 79,353 ਰਿਕਵਰ ਅਤੇ 1986 ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 93 ਹੈ। ਇਨ੍ਹਾਂ ਐਕਟਿਵ ਕੇਸਾਂ ਵਿਚੋਂ ਇਕ ਪੀ. ਜੀ. ਆਈ. ਚੰਡੀਗੜ੍ਹ, 11 ਮਿਲਟਰੀ ਹਸਪਤਾਲ ਅਤੇ ਕੈਪੀਟੋਲ ਹਸਪਤਾਲ, ਕਿਡਨੀ ਹਸਪਤਾਲ, ਨਿਪੁਨ ਨੰਦਾ ਹਸਪਤਾਲ, ਕਪਿਲ ਹਸਪਤਾਲ ਅਤੇ ਪਿਮਸ ’ਚ 1-1 ਮਰੀਜ਼ ਇਲਾਜ ਕਰਵਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ 5 ਅਜਿਹੇ ਮਰੀਜ਼ ਵੀ ਇਲਾਜ ਅਧੀਨ ਹਨ, ਜਿਹੜੇ ਕਿ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

ਲਗਭਗ 7 ਮਹੀਨਿਆਂ ਬਾਅਦ ਇਕ ਵਾਰ ਫਿਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 93 ’ਤੇ ਪੁੱਜੀ
ਕੋਰੋਨਾ ਨੂੰ ਲੈ ਕੇ ਭਾਵੇਂ ਲੋਕ ਲਾਪ੍ਰਵਾਹ ਹੋ ਗਏ ਹਨ ਪਰ ਸਰਕਾਰੀ ਅੰਕੜਿਆਂ ਮੁਤਾਬਕ ਪਾਜ਼ੇਟਿਵ ਆਉਣ ਵਾਲੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ ਅਤੇ ਨਾਲ ਹੀ ਐਕਟਿਵ ਕੇਸਾਂ ਵਿਚ ਵੀ ਵਾਧਾ ਜਾਰੀ ਹੈ। ਵਰਣਨਯੋਗ ਹੈ ਕਿ 2 ਸਤੰਬਰ 2022 ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 93 ਸੀ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹ ਗਿਣਤੀ ਘਟਦੀ ਗਈ। ਇਸੇ ਵਿਚਕਾਰ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਜ਼ਿਲੇ ਵਿਚ ਕੋਰੋਨਾ ਦਾ ਕੋਈ ਵੀ ਐਕਟਿਵ ਕੇਸ ਨਹੀਂ ਸੀ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਐਕਟਿਵ ਕੇਸਾਂ ਦੀ ਗਿਣਤੀ ਵੀ ਇਕ ਵਾਰ ਫਿਰ 93 ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News