ਜ਼ਿਲ੍ਹੇ ’ਚ ਕੋਰੋਨਾ ਦੇ ਹੁਣ ਤਕ ਦੇ ਟੁੱਟੇ ਸਾਰੇ ਰਿਕਾਰਡ : 1259 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 2 ਦੀ ਮੌਤ

01/18/2022 1:29:39 PM

ਜਲੰਧਰ (ਰੱਤਾ): ਇਸ ਵਾਰ ਹਰ ਕੋਈ ਜਿਥੇ ਕੋਰੋਨਾ ਨੂੰ ਹਲਕੇ ਵਿਚ ਲੈ ਰਿਹਾ ਹੈ, ਉਥੇ ਹੀ ਇਹ ਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਸੋਮਵਾਰ ਨੂੰ ਜ਼ਿਲ੍ਹੇ ’ਚ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਹੁਣ ਤਕ ਦੇ ਸਾਰੇ ਰਿਕਾਰਡ ਟੁੱਟ ਗਏ। ਜ਼ਿਲ੍ਹੇ ’ਚ ਪਹਿਲੀ ਵਾਰ ਇਕੱਠੇ 1259 ਨਵੇਂ ਕੇਸ ਮਿਲੇ ਅਤੇ ਇਲਾਜ਼ ਅਧੀਨ ਮਰੀਜ਼ਾਂ ਵਿਚੋਂ 2 ਦੀ ਮੌਤ ਹੋ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਸੋਮਵਾਰ ਵੱਖ-ਵੱਖ ਸਰਕਾਰੀ ਤੇ ਨਿੱਜੀ ਲੈਬਾਰਟਰੀਆਂ ਅਤੇ ਹੋਰ ਜ਼ਿਲ੍ਹਿਆਂ ’ਚੋਂ ਕੁਲ 1341 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ’ਚੋਂ 82 ਮਰੀਜ਼ਾਂ ਵਿਚੋਂ ਕੁਝ ਦੇ ਸੈਂਪਲ ਰਿਪੀਟ ਹੋਏ ਸਨ ਤੇ ਕੁਝ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਪਾਏ ਗਏ।

ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 1259 ਮਰੀਜ਼ਾਂ ਵਿਚ ਇੰਪਰੂਵਮੈਂਟ ਟਰੱਸਟ, ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ, ਏ. ਡੀ. ਸੀ. (ਡੀ), ਆਈ. ਜੀ. ਦਫਤਰ, ਜ਼ਿਲਾ ਪ੍ਰੀਸ਼ਦ ਦੇ ਸਟਾਫ ਮੈਂਬਰ, ਪੀ. ਏ. ਪੀ. ਤੇ ਕਈ ਹੋਰ ਪੁਲਸ ਥਾਣਿਆਂ ਦੇ ਮੁਲਾਜ਼ਮ, ਬੈਂਕ ਕਰਮਚਾਰੀ, ਸਰਕਾਰੀ ਸਕੂਲਾਂ ਦਾ ਸਟਾਫ, ਐੱਸ. ਜੀ. ਅੈੱਲ. ਕਾਲਜ ਸੇਮੀ ਦੀ ਸਟੂਡੈਂਟ ਅਤੇ ਦਯਾਨੰਦ ਅਾਯੁਰਵੈਦਿਕ ਕਾਲਜ ਦੇ ਵਿਦਿਆਰਥੀ ਤੇ ਅਧਿਆਪਕਾਂ ਸਹਿਤ ਛੋਟੇ ਬੱਚੇ, ਬਜ਼ੁਰਗ ਅਤੇ ਕਈ ਪਰਿਵਾਰਾਂ ਦੇ 4 ਜਾਂ 5 ਮੈਂਬਰ ਸ਼ਾਮਲ ਹਨ। ਓਧਰ ਵਿਭਾਗ ਨੂੰ 3660 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ’ਚੋਂ 299 ਹੋਰ ਮਰੀਜ਼ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ 2298 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਇਲਜ਼ਾਮ, ਕਾਂਗਰਸ ਪਾਰਟੀ ਨੇ ਚੰਨੀ ਦਾ ‘ਨਾਈਟ ਵਾਚਮੈਨ’ ਵਾਂਗ ਕੀਤਾ ਇਸਤੇਮਾਲ

ਹੁਣ ਤਕ ਕੁਲ ਸੈਂਪਲ-19,46,653

ਨੈਗੇਟਿਵ ਆਏ-17,99,556

ਪਾਜ਼ੇਟਿਵ ਆਏ-69,797

ਡਿਸਚਾਰਜ ਹੋਏ-64,193

ਮੌਤਾਂ ਹੋਈਆਂ-1,511

ਐਕਟਿਵ ਕੇਸ-4,093

ਜ਼ਿਲੇ ’ਚ 20,581 ਲੋਕਾਂ ਨੇ ਲੁਆਈ ਵੈਕਸੀਨ

ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਸੋਮਵਾਰ ਨੂੰ ਜ਼ਿਲ੍ਹੇ ’ਚ ਕੁੱਲ 20,581 ਲੋਕਾਂ ਨੂੰ ਵੈਕਸੀਨ ਲਾਈ ਗਈ। ਇਨ੍ਹਾਂ ’ਚ 15 ਤੋਂ 18 ਸਾਲ ਦੇ 437 ਅੱਲ੍ਹੜ ਅਤੇ ਬੂਸਟਰ ਡੋਜ਼ ਲੁਆਉਣ ਵਾਲੇ 902 ਲਾਭਪਾਤਰੀ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤਕ 15,61,881 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਇਨ੍ਹਾਂ ’ਚੋਂ 11,10,362 ਨੇ ਦੋਵੇਂ ਡੋਜ਼ ਅਤੇ 5,340 ਲਾਭਪਾਤਰੀਆਂ ਨੇ ਤਿੰਨੋਂ ਡੋਜ਼ ਲੁਆ ਲਈਆਂ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News