ਰਾਹਤ ਭਰੀ ਖਬਰ: ਕੋਰੋਨਾ ਪਾਜ਼ੇਟਿਵ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਨੈਗਟਿਵ
Thursday, Jul 23, 2020 - 06:00 PM (IST)

ਟਾਂਡਾ ਉੜਮੁੜ (ਪੰਡਿਤ) - ਮੌਤ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਆਏ ਅਹੀਆਪੁਰ ਵਾਸੀ ਵਿਅਕਤੀ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਟੈਸਟਾਂ ਦੇ ਨੈਗੇਟਿਵ ਆਉਣ ਨਾਲ ਅਹੀਆਪੁਰ ਵਾਸੀ ਰਾਹਤ ਮਹਿਸੂਸ ਕਰ ਰਹੇ ਹਨ। 20 ਜੁਲਾਈ ਨੂੰ ਕੀਤੀ ਗਈ ਰੁਟੀਨ ਸੈਂਪਲਿੰਗ ਦੌਰਾਨ ਇਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ 23 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਸਿਰਫ ਇਕ ਭੋਗਪੁਰ ਨਾਲ ਸਬੰਧਿਤ ਪੁਲਸ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਈ। ਇਸ ਪੁਲਸ ਕਰਮਚਾਰੀ ਨੇ ਟਾਂਡਾ ਵਿਚ ਆਕੇ ਟੈਸਟ ਕਰਵਾਇਆ ਸੀ। ਇਸਦੇ ਨਾਲ ਹੀ ਅੱਜ ਕੋਵਿਡ ਇੰਚਾਰਜ ਡਾ. ਕੇ. ਆਰ. ਬਾਲੀ, ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਹਰਿੰਦਰ ਸਿੰਘ, ਚਰਨਜੀਤ ਕੌਰ, ਕੁਲਦੀਪ ਕੌਰ, ਮਲਕੀਤ ਸਿੰਘ ਦੀ ਟੀਮ ਨੇ 21 ਜੁਲਾਈ ਨੂੰ 21 ਵਿਅਕਤੀਆਂ ਅਤੇ ਅੱਜ 7 ਵਿਅਕਤੀਆਂ ਦੇ ਸੈਂਪਲ ਲਏ ਹਨ।
ਇਸ ਦੌਰਾਨ ਐੱਸ. ਐੱਮ. ਓ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਟਾਂਡਾ ਇਲਾਕੇ ਦੇ ਸਮੂਹ ਪਿੰਡਾਂ ਅਤੇ ਨਗਰ ਵਿਚ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੁੱਲ ਅਬਾਦੀ 1,42,558 ਵਿਚੋਂ 30 ਸਾਲ ਤੋਂ ਉੱਤੇ ਦੇ 62,778 ਵਾਸੀਆਂ ਨੂੰ ਕਵਰ ਕਰਕੇ ਇਹ ਸਰਵੇ ਖਤਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਘਰ-ਘਰ ਜਾਕੇ ਲੋਕਾਂ ਨੂੰ ਲੱਛਣਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਵੀ ਦਿੱਤੀ।