ਨਸ਼ੇ ਵਾਲੇ ਇੰਜੈਕਸ਼ਨਾਂ ਦੀ ਲਗਾਤਾਰ ਵੱਧ ਰਹੀ ਬਰਾਮਦਗੀ ਨੇ ਪੰਜਾਬ ਪੁਲਸ ਦੀ ਵਧਾਈ ਚਿੰਤਾ

06/04/2019 4:58:18 AM

ਕਪੂਰਥਲਾ, (ਗੌਰਵ)- ਬੀਤੇ 2 ਸਾਲਾਂ ਤੋਂ ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਦੇ ਦੌਰਾਨ ਜਿਥੇ ਵੱਡੇ ਪੱਧਰ ’ਤੇ ਹੈਰੋਇਨ, ਚੂਰਾ-ਪੋਸਤ ਤੇ ਅਫੀਮ ਜਿਹੇ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ ਉੱਥੇ ਇਸ ਸਮੇਂ ਦੌਰਾਨ ਵੱਡੀ ਗਿਣਤੀ ’ਚ ਡਰੱਗ ਸਮੱਗਲਰ ਸਲਾਖਾਂ ਪਿੱਛੇ ਪਹੁੰਚੇ ਹਨ। ਜਿਸ ਕਾਰਨ ਮਾਰਕੀਟ ’ਚ ਹੈਰੋਇਨ ਦੇ ਮਹਿੰਗੇ ਹੋਣ ਨਾਲ ਹੁਣ ਸੂਬਾ ਭਰ ’ਚ ਉੱਤਰ ਪ੍ਰਦੇਸ਼ ਤੋਂ ਸਮੱਗਲਿੰਗ ਹੋ ਕੇ ਨਸ਼ੇ ਵਾਲੇ ਇੰਜੈਕਸ਼ਨਾਂ ਦੇ ਲਗਾਤਾਰ ਫਡ਼ੇ ਜਾਣ ਦੇ ਮਾਮਲਿਆਂ ਨੇ ਪੰਜਾਬ ਪੁਲਸ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਉੱਥੇ ਇਨ੍ਹਾਂ ਇੰਜੈਕਸ਼ਨਾਂ ਨੂੰ ਲਾ ਕੇ ਓਵਰਡੋਜ਼ ਦਾ ਸ਼ਿਕਾਰ ਹੋਏ ਕਈ ਨੌਜਵਾਨ ਮੌਤ ਦੇ ਮੂੰਹ ’ਚ ਚਲੇ ਗਏ ਹਨ।

ਪੰਜਾਬ ਪੁਲਸ ਵੱਲੋਂ ਹੈਰੋਇਨ, ਅਫੀਮ ਤੇ ਚੂਰਾ-ਪੋਸਤ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਕਾਰਣ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਕਾਫੀ ਮਹਿੰਗ ਹੋਣ ’ਤੇ ਇਨ੍ਹਾਂ ਦੀ ਕਮੀ ਨਾਲ ਹੁਣ ਡਰੱਗ ਸਮੱਗਲਰਾਂ ਨੇ ਬੀਤੇ ਕਈ ਸਾਲ ਦੌਰਾਨ ਨਸ਼ੇ ਵਾਲੇ ਇੰਜੈਕਸ਼ਨਾਂ ਦੀ ਵਿਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਣ ਪੂਰੇ ਸੂਬੇ ’ਚ ਕਾਫੀ ਗਿਣਤੀ ’ਚ ਨੌਜਵਾਨ ਨਸ਼ੇ ਵਾਲੇ ਇੰਜੈਕਸ਼ਨ ਲੈਣ ਕਾਰਨ ਓਵਰਡੋਜ਼ ਹੋਣ ਕਰਕੇ ਮੌਤ ਦੇ ਮੂੰਹ ’ਚ ਚਲੇ ਗਏ ਹਨ। ਜੇਕਰ ਬੀਤੇ ਇਕ ਸਾਲ ਦੌਰਾਨ ਪੰਜਾਬ ਪੁਲਸ ਵੱਲੋਂ ਬਰਾਮਦ ਕੀਤੇ ਗਏ ਨਸ਼ੇ ਵਾਲੇ ਇੰਜੈਕਸ਼ਨਾਂ ਦੀ ਗਿਣਤੀ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ ਸੂਬੇ ਭਰ ’ਚ ਵੱਖ-ਵੱਖ ਥਾਣਿਆਂ ਦੀ ਪੁਲਸ 50 ਹਜ਼ਾਰ ਦੇ ਕਰੀਬ ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕਰ ਚੁੱਕੀ ਹੈ। ਜਿਸ ਦੌਰਾਨ ਕਪੂਰਥਲਾ ਪੁਲਸ ਪਿਛਲੇ 1 ਸਾਲ ਦੌਰਾਨ 1 ਹਜ਼ਾਰ ਰੁਪਏ ਤੋਂ ਵੱਧ ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕਰ ਚੁੱਕੀ ਹੈ।

ਇੰਜੈਕਸ਼ਨਾਂ ਦੀ ਵਰਤੋਂ ਕਰਨ ਕਰਕੇ ਨੌਜਵਾਨ ਹੋ ਚੁੱਕੇ ਹਨ ਕਈ ਬੀਮਾਰੀਆਂ ਦੇ ਸ਼ਿਕਾਰ

ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਘਟੀਆ ਕੁਆਲਿਟੀ ਦੇ ਇਨ੍ਹਾਂ ਇੰਜੈਕਸ਼ਨਾਂ ਨੂੰ ਲਗਾਉਣ ਨਾਲ ਜਿਥੇ ਨਸ਼ੇਡ਼ੀ ਨੌਜਵਾਨ ਕੁਝ ਹੀ ਦਿਨਾਂ ’ਚ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਉੱਥੇ ਇਨ੍ਹਾਂ ਇੰਜੈਕਸ਼ਨਾਂ ਨੂੰ ਲੈਣ ਨਾਲ ਨੌਜਵਾਨਾਂ ਨੂੰ ਹੈਪੇਟਾਈਟਜ਼ ਬੀ ਤੇ ਸੀ ਵਰਗੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਜਿਨ੍ਹਾਂ ਦਾ ਇਲਾਜ ਕਰਨਾ ਕਾਫੀ ਔਖਾ ਹੈ। ਗੌਰ ਹੋਵੇ ਕਿ ਇਨ੍ਹਾਂ ਇੰਜੈਕਸ਼ਨਾਂ ਨੂੰ ਲੈਣ ਦੌਰਾਨ ਜ਼ਿਆਦਾਤਰ ਨੌਜਵਾਨਾਂ ਨੇ ਇਕ-ਦੂਜੇ ਦੀ ਸਰਿੰਜ ਨੂੰ ਵਰਤੋਂ ’ਚ ਲਿਆ ਕੇ ਆਪਣੀ ਜਾਨ ਦਿੱਤੀ ਹੈ।


Bharat Thapa

Content Editor

Related News