ਪਾਕਿਸਤਾਨ ਪ੍ਰਤੀ ਕਾਂਗਰਸ ਦੀ ਹਮਦਰਦੀ ਉਜਾਗਰ : ਤਰੁਣ ਚੁੱਘ
Monday, Apr 28, 2025 - 12:13 AM (IST)

ਚੰਡੀਗੜ੍ਹ/ਜਲੰਧਰ, (ਅੰਕੁਰ, ਧਵਨ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਆਗੂਆਂ ਦੀ ਪਾਕਿਸਤਾਨ ਪ੍ਰਤੀ ਹਮਦਰਦੀ ਅਤੇ ਸਮਰਥਨ ਹੁਣ ਪੂਰੀ ਤਰ੍ਹਾਂ ਉਜਾਗਰ ਹੋ ਗਿਆ ਹੈ। ਚੁੱਘ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਅੱਖਾਂ ਦੇ ਹੰਝੂ ਸੁੱਕੇ ਵੀ ਨਹੀਂ ਹਨ, ਉਸ ਸਮੇਂ ਕਾਂਗਰਸੀ ਆਗੂ ਤੁਸ਼ਟੀਕਰਨ ਦੀ ਰਾਜਨੀਤੀ ਕਰ ਕੇ ਦੇਸ਼ ਨੂੰ ਨੀਵਾਂ ਦਿਖਾਉਣ ਤੇ ਸੈਨਾਵਾਂ ਦੇ ਮਨੋਬਲ ਨੂੰ ਡੇਗਣ ’ਚ ਲਗ ਗਏ ਹਨ।
ਰਾਬਰਟ ਵਾਡਰਾ, ਮਣੀਸ਼ੰਕਰ ਅਈਅਰ ਅਤੇ ਕਰਨਾਟਕ ਦੇ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਸਖਤ ਇਤਰਾਜ਼ ਜਤਾਉਂਦਿਆਂ ਚੁੱਘ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਸ਼ਰਮਸਾਰ ਕਰਨ ਦਾ ਸਿਲਸਿਲਾ ਵੰਡ ਦੇ ਸਮੇਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਜਦੋਂ ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕਜੁੱਟ ਹੈ ਤਾਂ ਕਾਂਗਰਸੀ ਆਗੂ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ।
ਚੁੱਘ ਨੇ ਯਾਦ ਦਿਵਾਇਆ ਕਿ ਕਿਵੇਂ ਸੋਨੀਆ ਗਾਂਧੀ ਪਰਿਵਾਰ ਦੇ ਜਵਾਈ ਰਾਬਰਟ ਵਾਡਰਾ ਨੇ ਪਹਿਲਗਾਮ ਕਤਲੇਆਮ ਤੋਂ ਬਾਅਦ ਰਾਸ਼ਟਰ ਵਿਰੋਧੀ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਅਤੇ ਉਸ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਇਕਜੁੱਟ ਖੜਾ ਹੈ।