ਖਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

04/13/2021 3:40:40 PM

ਟਾਂਡਾ ਉੜਮੁੜ (ਜਸਵਿੰਦਰ)-ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਤਪ-ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਅੱਜ ਸਵੇਰ ਤੋਂ ਹੀ ਸਿੱਖ ਸੰਗਤਾਂ ਵੱਡੀ ਗਿਣਤੀ ’ਚ ਗੁਰਦੁਆਰਾ ਨਾਨਕ ਦੁੱਖ ਭੰਜਨ ਸਤਿਸੰਗ ਘਰ ਵਿਖੇ ਨਤਮਸਤਕ ਹੋਈਆਂ । ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਸੰਗਤਾਂ ਦੇ ਸਨਮੁੱਖ ਗੁਰਬਾਣੀ ਕੀਰਤਨ ਦਾ ਪ੍ਰਵਾਹ ਕਰਦਿਆਂ ਵਿਸਾਖੀ ਦੇ ਦਿਹਾੜੇ ’ਤੇ ਗੁਰੂ ਸਾਹਿਬ ਵੱਲੋਂ ਸਜਾਏ ਗਏ ਖਾਲਸਾ ਪੰਥ ਦੇ ਸਥਾਪਨਾ ਦਿਹਾੜੇ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਮੌਕੇ ਜੋ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ ਸੀ, ਅੱਜ ਉਸ ਅੰਮ੍ਰਿਤ ਰੂਪੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਸੰਸਾਰ ਭਰ ’ਚ ਸਮੁੱਚਾ ਸਿੱਖ ਜਗਤ ਖਾਲਸੇ ਦੇ ਜਨਮ ਦਿਹਾੜੇ ਨੂੰ ਵੱਡੀ ਪੱਧਰ ’ਤੇ ਮਨਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ’ਤੇ ਚੱਲ ਕੇ ਸਮੁੱਚੀ ਸਿੱਖ ਕੌਮ ਨੇ ਸੇਵਾ, ਸਿਮਰਨ ਅਤੇ ਸਾਦਗੀ ਦੀ ਇੱਕ ਵਿਲੱਖਣ ਤਸਵੀਰ ਸਿੱਖੀ ਸਰੂਪ ’ਚ ਵਿਸ਼ਵ ਭਰ ’ਚ ਪੇਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਖਾਲਸਾ ਸਾਜਨਾ ਦਿਹਾੜੇ ਸਬੰਧੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਵੀ ਕੀਤਾ ਅਤੇ ਸੰਗਤਾਂ ਨੂੰ ਇਸ ਦਿਨ ਦੀ ਮਹਾਨਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਪ੍ਰੇਰਨਾ ਦਿੱਤੀ ਕਿ ਸਮੁੱਚੀ ਸਿੱਖ ਕੌਮ ਆਪਣੀਆਂ ਅਗਲੀਆਂ ਨਸਲਾਂ ਨੂੰ ਬਾਣੀ ਤੇ ਬਾਣੇ ਦੀ ਮਹਾਨਤਾ ਅਤੇ ਗੁਰੂ ਸਾਹਿਬ ਵੱਲੋਂ ਦੱਸੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਉਣ ਤਾਂ ਜੋ ਸਿੱਖੀ ਦਾ ਵਿਸ਼ਵ ਭਰ ਅੰਦਰ ਵੱਡੇ ਪੱਧਰ ’ਤੇ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ ਅਤੇ ਸਾਡੀਆਂ ਨਸਲਾਂ ਸਿੱਖੀ ਦੇ ਗੌਰਵਮਈ ਇਤਿਹਾਸ ਤੋਂ ਸੇਧ ਲੈ ਕੇ ਸੰਸਾਰ ਭਰ ’ਚ ਇਸ ਦਾ ਫੈਲਾਅ ਕਰ ਸਕਣ।

ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਤੋਂ ਇਲਾਵਾ ਗੁਰੂਘਰ ਦੇ ਕੀਰਤਨੀਏ ਜਥੇਦਾਰ ਭਾਈ ਹਰਮੇਲ ਪ੍ਰਕਾਸ਼ ਸਿੰਘ, ਭਾਈ ਬਲਜੀਤ ਸਿੰਘ, ਭਾਈ ਹੀਰਾ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਅਰਜਨ ਸਿੰਘ, ਭਾਈ ਸਿਮਰਨ ਸਿੰਘ, ਭਾਈ ਅੰਮ੍ਰਿਤ ਸਿੰਘ, ਭਾਈ ਅਮਨ ਸਿੰਘ, ਭਾਈ ਬਲਵੀਰ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।


Anuradha

Content Editor

Related News