ਸਭ ਤੋਂ ਵੱਡੀ ਚੋਰੀ ਨੂੰ ਟਰੇਸ ਨਹੀਂ ਕਰ ਸਕੀ ਕਮਿਸ਼ਨਰੇਟ ਪੁਲਸ, ਮਹੀਨੇ ਬਾਅਦ ਵੀ 1 ਕਰੋੜ ਦੀ ਚੋਰੀ ਅਨਟਰੇਸ

02/16/2023 2:02:01 AM

ਜਲੰਧਰ (ਵਰੁਣ): 17 ਜਨਵਰੀ ਨੂੰ ਦੇਰ ਰਾਤ ਗੜ੍ਹਾ ਰੋਡ ’ਤੇ ਸਥਿਤ ਰਮਨ ਜਿਊਲਰਜ਼ ਵਿਚ ਹੋਈ ਲਗਭਗ ਇਕ ਕਰੋੜ ਰੁਪਏ ਦੀ ਚੋਰੀ ਨੂੰ ਅਜੇ ਤੱਕ ਕਮਿਸ਼ਨਰੇਟ ਪੁਲਸ ਟਰੇਸ ਨਹੀਂ ਕਰ ਸਕੀ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਇਕ ਮਹੀਨਾ ਪੁਰਾਣੀ ਸੀ. ਸੀ. ਟੀ. ਵੀ. ਫੁਟੇਜ ਮਿਲਣਾ ਹੀ ਮੁਸ਼ਕਲ ਹੋ ਗਿਆ ਹੈ। ਜੇਕਰ ਇਸ ਮਾਮਲੇ ਨੂੰ ਟਰੇਸ ਕਰਨ ਲਈ ਅਧਿਕਾਰੀ ਪਹਿਲਾਂ ਤੋਂ ਹੀ ਰੁਚੀ ਦਿਖਾਉਂਦੇ ਤਾਂ ਸ਼ਾਇਦ ਇਹ ਮਾਮਲਾ ਟਰੇਸ ਵੀ ਹੋ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ - GST ਦੇ ਘੇਰੇ 'ਚ ਆ ਸਕਦਾ ਹੈ ਪੈਟਰੋਲ-ਡੀਜ਼ਲ! ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਅਹਿਮ ਬਿਆਨ

17 ਜਨਵਰੀ ਨੂੰ ਹੋਈ ਇਸ ਵਾਰਦਾਤ ਦਾ ਅਗਲੇ ਦਿਨ ਪਤਾ ਲੱਗਾ ਤਾਂ ਸਿਰਫ 5 ਦਿਨ ਹੀ ਪੁਲਸ ਜਾਂਚ ਵਿਚ ਜੁਟੀ ਰਹੀ ਪਰ ਬੱਸ ਸਟੈਂਡ ਪੁੱਜੇ ਮੁਲਜ਼ਮਾਂ ਦੀ ਆਖਰੀ ਫੁਟੇਜ ਮਿਲੀ। ਉਸ ਤੋਂ ਬਾਅਦ ਕੋਈ ਨਵੀਂ ਫੁਟੇਜ ਨਹੀਂ ਮਿਲ ਸਕੀ। ਉਸ ਤੋਂ ਬਾਅਦ ਪੁਲਸ ਹੋਰ ਕ੍ਰਾਈਮ ਦੇ ਮਾਮਲਿਆਂ ਨੂੰ ਟਰੇਸ ਕਰਨ ਵਿਚ ਜੁਟ ਗਈ ਅਤੇ ਫਿਰ 26 ਜਨਵਰੀ ਅਤੇ ਬਾਅਦ ਵਿਚ ਸੀ. ਐੱਮ. ਡਿਊਟੀ ਆਉਣ ’ਤੇ ਇਸ ਮਾਮਲੇ ਵੱਲ ਕਿਸੇ ਨੇ ਰੁਖ਼ ਹੀ ਨਹੀਂ ਕੀਤਾ, ਹਾਲਾਂਕਿ ਟੈਕਨੀਕਲ ਢੰਗ ਨਾਲ ਇਸ ਮਾਮਲੇ ਦੀ ਜਾਂਚ ਚੱਲਦੀ ਰਹੀ ਪਰ ਉਸ ਵਿਚ ਵੀ ਕੋਈ ਸੁਰਾਗ ਨਹੀਂ ਮਿਲਿਆ। ਸਵਾਲ ਇਹ ਉੱਠਦਾ ਹੈ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੀ ਇੰਨੀ ਵੱਡੀ ਫੌਜ ਹੈ ਪਰ ਫਿਰ ਵੀ ਚੋਰੀ ਦੇ ਵੱਡੇ ਕੇਸ ਹੱਲ ਨਹੀਂ ਹੋ ਸਕੇ। ਹਾਲਾਂਕਿ ਕਮਿਸ਼ਨਰੇਟ ਪੁਲਸ ਨੇ ਹੱਤਿਆਵਾਂ, ਗੋਲੀਕਾਂਡ ਵਰਗੇ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ਵਿਚ ਸਫਲਤਾ ਵੀ ਪ੍ਰਾਪਤ ਕੀਤੀ ਪਰ ਚੋਰੀ ਦੇ ਇਸ ਮਾਮਲੇ ਵਿਚ ਸ਼ੁਰੂ ਤੋਂ ਹੀ ਹੋਈ ਲਾਪ੍ਰਵਾਹੀ ਕੇਸ ਨੂੰ ਅਨਟਰੇਸ ਕਰਨ ਦੀ ਰਾਹ ’ਤੇ ਲੈ ਗਈ।

ਇਹ ਖ਼ਬਰ ਵੀ ਪੜ੍ਹੋ- ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"

ਜ਼ਿਕਰਯੋਗ ਹੈ ਕਿ ਚੋਰਾਂ ਨੇ ਕੰਧ ਨੂੰ ਸੰਨ੍ਹ ਲਾ ਕੇ ਰਮਨ ਜਿਊਲਰਜ਼ ਵਿਚ ਦਾਖਲ ਹੋ ਕੇ ਡੇਢ ਕਿਲੋ ਸੋਨਾ, 20 ਕਿਲੋ ਚਾਂਦੀ ਅਤੇ ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ। ਚੋਰਾਂ ਨੇ 15 ਦਿਨ ਪਹਿਲਾਂ ਹੀ ਦੁਕਾਨ ਦੇ ਪਿੱਛੇ ਲੱਗਦੇ ਖਾਲੀ ਪਲਾਟ ਨੂੰ ਕਿਰਾਏ ’ਤੇ ਲਿਆ ਸੀ ਅਤੇ ਉਥੋਂ ਸੰਨ੍ਹ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਬੜੇ ਆਰਾਮ ਨਾਲ ਕਿਰਾਏ ਦਾ ਆਟੋ ਕਰ ਕੇ ਬੱਸ ਸਟੈਂਡ ਪੁੱਜੇ ਅਤੇ ਉਥੋਂ ਗਾਇਬ ਹੋ ਗਏ। ਪੁਲਸ ਨੇ ਆਟੋ ਵਾਲੇ ਨੂੰ ਵੀ ਹਿਰਾਸਤ ਵਿਚ ਲੈ ਲਿਆ ਸੀ ਪਰ ਉਸਦਾ ਕੋਈ ਕਸੂਰ ਨਾ ਹੋਣ ਕਾਰਨ ਪੁਲਸ ਵੱਲੋਂ ਉਸਨੂੰ ਛੱਡ ਦਿੱਤਾ ਗਿਆ ਸੀ। ਥਾਣਾ ਨੰਬਰ 7 ਵਿਚ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਕੇ ਥਾਣਾ ਨੰਬਰ 7 ਦੀ ਪੁਲਸ, ਐੱਸ. ਓ. ਯੂ. ਅਤੇ ਸੀ. ਆਈ. ਏ. ਸਟਾਫ ਦੀਆਂ ਟੀਮਾਂ ਮਾਮਲੇ ਨੂੰ ਹੱਲ ਕਰਨ ਵਿਚ ਜੁਟੀਆਂ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News