ਕਮਿਸ਼ਨਰੇਟ ਪੁਲਸ ਨੇ 500 ਗ੍ਰਾਮ ਚਰਸ ਸਮੇਤ ਇਕ ਨੂੰ ਕੀਤਾ ਕਾਬੂ

Friday, Feb 16, 2024 - 07:00 PM (IST)

ਕਮਿਸ਼ਨਰੇਟ ਪੁਲਸ ਨੇ 500 ਗ੍ਰਾਮ ਚਰਸ ਸਮੇਤ ਇਕ ਨੂੰ ਕੀਤਾ ਕਾਬੂ

ਜਲੰਧਰ (ਮਹੇਸ਼) : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਇੱਕ ਵਿਅਕਤੀ ਨੂੰ 500 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਚਰਸ ਦਾ ਵਪਾਰ ਕਰਨ ਵਾਲਾ ਇੱਕ ਗਿਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਸ਼ਹਿਰ ਦੇ ਬੀਐੱਸੀ ਚੌਕ ਨੇੜੇ ਜਾਲ ਵਿਛਾਇਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਪਾਰਟੀ ਨੇ ਬੀਐੱਮਸੀ ਚੌਕ ਪੈਟਰੋਲ ਪੰਪ ਵਾਲੇ ਪਾਸੇ ਤੋਂ ਇੱਕ ਨੌਜਵਾਨ ਨੂੰ ਆਉਂਦਾ ਦੇਖਿਆ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਦੀ ਪੁਲਸ ਪਾਰਟੀ ਨੇ ਹੁਣੇ ਹੁਣੇ ਡੀਐੱਸਪੀ ਬਣੇ ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਸ਼ੱਕ ਦੇ ਆਧਾਰ ’ਤੇ ਹੱਥ ਵਿੱਚ ਪੋਲੀਥੀਨ ਬੈਗ ਲੈ ਕੇ ਨੌਜਵਾਨ ਨੂੰ ਚੈਕਿੰਗ ਲਈ ਰੁਕਣ ਲਈ ਕਿਹਾ। ਉਧਰ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਭੱਜਣ ਲੱਗਾ ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਉਸ ਦੇ ਕਬਜ਼ੇ ਵਿੱਚੋਂ 500 ਗ੍ਰਾਮ ਚਰਸ ਬਰਾਮਦ ਕੀਤੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਪੰਕਜ ਹੰਸ ਪੁੱਤਰ ਤਿਲਕ ਰਾਜ ਵਾਸੀ ਸਾਈਂ ਕਾਲੋਨੀ ਨੇੜੇ ਸ਼ਿਵ ਮੰਦਿਰ, ਘਾਹ ਮੰਡੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਵਿਰੁੱਧ 22 ਮਿਤੀ 13-02-2024 ਅਧੀਨ 20-61-85 ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਥਾਣਾ ਡਵੀਜ਼ਨ 6 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।


author

Aarti dhillon

Content Editor

Related News