ਕਮਿਸ਼ਨਰ ਨੇ ਜਲੰਧਰ ਨਿਗਮ ਨੂੰ 4 ਹਿੱਸਿਆਂ ’ਚ ਵੰਡਿਆ, ਲਗਾਏ ਜ਼ੋਨਲ ਕਮਿਸ਼ਨਰ
Friday, Jun 02, 2023 - 11:47 AM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਲੁਧਿਆਣਾ ਨਗਰ ਨਿਗਮ ਦੀ ਤਰਜ਼ ’ਤੇ ਜਲੰਧਰ ਨਿਗਮ ਨੂੰ ਵੀ 4 ਹਿੱਸਿਆਂ ਵਿਚ ਵੰਡ ਦਿੱਤਾ ਹੈ ਅਤੇ ਚਾਰਾਂ ਇਲਾਕਿਆਂ ਲਈ ਜ਼ੋਨਲ ਕਮਿਸ਼ਨਰ ਲਾ ਦਿੱਤੇ ਗਏ ਹਨ, ਜਿਹੜੇ ਪਹਿਲੇ ਹਾਫ਼ ਤਕ ਜ਼ੋਨ ਦਫ਼ਤਰਾਂ ਵਿਚ ਹੀ ਬੈਠਿਆ ਕਰਨਗੇ। ਹਰ ਜ਼ੋਨਲ ਕਮਿਸ਼ਨਰ ਨਾਲ ਸਟਾਫ਼ ਆਫਿਸਰ ਵਜੋਂ ਇਕ ਅਧਿਕਾਰੀ ਨੂੰ ਲਾਇਆ ਗਿਆ ਹੈ। ਇਸ ਤਰ੍ਹਾਂ ਨਿਗਮ ਕਮਿਸ਼ਨਰ ਨੇ ਵਿਕਾਸ ਅਤੇ ਪ੍ਰਸ਼ਾਸਨਿਕ ਕੰਮਾਂ ਨਾਲ ਸਬੰਧਤ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮਾਤਹਿਤ ਅਧਿਕਾਰੀਆਂ ’ਤੇ ਪਾ ਦਿੱਤੀਆਂ ਹਨ। ਇਹ ਹੁਕਮ ਤੁਰੰਤ ਲਾਗੂ ਕਰ ਦਿੱਤੇ ਗਏ ਅਤੇ ਸਾਰੇ ਜ਼ੋਨਲ ਕਮਿਸ਼ਨਰਾਂ ਨੇ ਆਪਣੇ-ਆਪਣੇ ਜ਼ੋਨ ਨਾਲ ਸਬੰਧਤ ਦਫ਼ਤਰਾਂ ਵਿਚ ਵਿਜ਼ਿਟ ਵੀ ਕੀਤੀ ਅਤੇ ਉਥੇ ਇੰਤਜ਼ਾਮ ਆਦਿ ਕਰਨ ਦੇ ਨਿਰਦੇਸ਼ ਦਿੱਤੇ।
ਜ਼ੋਨਲ ਕਮਿਸ਼ਨਰ ਵੈਸਟ
-ਬਬਰੀਕ ਚੌਂਕ ਆਫਿਸ
-ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ
-ਸਟਾਫ਼ ਆਫਿਸਰ ਏ. ਸੀ. ਏ. ਹਰਪ੍ਰੀਤ ਸਿੰਘ
ਇਹ ਵੀ ਪੜ੍ਹੋ- ਜਲੰਧਰ 'ਚ ਕੇਂਦਰੀ ਆਗੂਆਂ ਦਾ ਮਾਸਟਰ ਪਲਾਨ ਫਲਾਪ, ਨੇਤਾਵਾਂ ਦੀ ਮਨਮਰਜ਼ੀ ਕਰਨ ਦੀ ਨੀਤੀ ਲੈ ਡੁੱਬੀ ਭਾਜਪਾ ਦੀ ਬੇੜੀ
ਜ਼ੋਨਲ ਕਮਿਸ਼ਨਰ ਨਾਰਥ
-ਦਾਦਾ ਕਾਲੋਨੀ ਜ਼ੋਨ ਆਫਿਸ
-ਗੁਰਵਿੰਦਰ ਕੌਰ ਰੰਧਾਵਾ ਜੁਆਇੰਟ ਕਮਿਸ਼ਨਰ
-ਸਟਾਫ਼ ਆਫਿਸ ਏ. ਸੀ. ਈ. ਤਰਨਪ੍ਰੀਤ ਸਿੰਘ
ਜ਼ੋਨਲ ਆਫਿਸਰ ਸੈਂਟਰਲ
-ਮਦਨ ਫਲੋਰ ਮਿੱਲ ਜ਼ੋਨ ਆਫਿਸ
-ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਖਰ
-ਸਟਾਫ਼ ਆਫਿਸਰ ਏ. ਸੀ. ਈ. ਹਿਤੇਸ਼ ਅੱਬੀ
ਜ਼ੋਨਲ ਕਮਿਸ਼ਨਰ ਜਲੰਧਰ ਕੈਂਟ
-ਮਾਡਲ ਟਾਊਨ ਜ਼ੋਨ ਆਫਿਸ
-ਐਡੀਸ਼ਨਲ ਕਮਿਸ਼ਨਰ ਸ਼ਿਖਾ ਭਗਤ
-ਸਟਾਫ਼ ਆਫਿਸਰ ਏ. ਸੀ. ਈ. ਸੌਰਭ
ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਇਹ ਜ਼ਿੰਮੇਵਾਰੀਆਂ ਪਾਈਆਂ ਗਈਆਂ
ਇਹ ਜ਼ੋਨਲ ਕਮਿਸ਼ਨਰ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦੀ ਰੈਗੂਲਰ ਚੈਕਿੰਗ ਕਰਿਆ ਕਰਨਗੇ, ਸਾਫ-ਸਫਾਈ ਵਿਵਸਥਾ ਅਤੇ ਸੀਵਰ ਮੈਕੇਨਿਜ਼ਮ ਅਤੇ ਪੀਣ ਵਾਲੇ ਪਾਣੀ ਦਾ ਖਿਆਲ ਰੱਖਣਗੇ। ਸਿਆਸੀ ਲੋਕਾਂ ਅਤੇ ਕੌਂਸਲਰਾਂ ਨਾਲ ਸੰਪਰਕ ਕਰਿਆ ਕਰਨਗੇ। ਸ਼ਿਕਾਇਤਾਂ ਆਦਿ ਦੇ ਤੁਰੰਤ ਨਿਪਟਾਰੇ ਲਈ ਜ਼ੋਨ ਲੈਵਲ ’ਤੇ ਹੀ ਉਨ੍ਹਾਂ ਨੂੰ ਖਤਮ ਕਰਨਗੇ। ਰਿਕਵਰੀ ਅਤੇ ਰੈਵੇਨਿਊ ਵਧਾਉਣ ਲਈ ਟੀਚਾ ਨਿਰਧਾਰਨ ਅਤੇ ਡਿਊਟੀ ਆਦਿ ਦਾ ਨਿਰਬਾਹ ਯਕੀਨੀ ਬਣਾਉਣਗੇ। ਸਟਾਫ ਦੇ ਨਾਲ ਰੀਵਿਊ ਮੀਟਿੰਗਾਂ ਤੋਂ ਇਲਾਵਾ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ’ਤੇ ਜ਼ੋਰ ਦੇਣਗੇ। ਨਾਜਾਇਜ਼ ਬਿਲਡਿੰਗਾਂ ਸਬੰਧੀ ਰੈਗੂਲਰ ਰਿਪੋਰਟ ਦਿਆ ਕਰਨਗੇ। ਬਿਲਡਿੰਗਾਂ ਸਬੰਧੀ ਸ਼ਿਕਾਇਤਾਂ ਦਾ ਫਾਲੋਅਪ ਰੱਖਣਗੇ। ਸਟਰੀਟ ਵੈਂਡਿੰਗ ਜ਼ੋਨ ਦੀ ਪਛਾਣ ਕਰਨ ਦੇ ਨਾਲ-ਨਾਲ ਰੈਂਟ ਅਤੇ ਪ੍ਰਾਪਰਟੀ ਟੈਕਸ ਦੀ ਉਗਰਾਹੀ ਦੀ ਦਿਸ਼ਾ ਵਿਚ ਵੀ ਕੰਮ ਕਰਨਗੇ। ਜ਼ੋਨਲ ਕਮਿਸ਼ਨਰ ਤੋਂ ਇਲਾਵਾ ਬੀ. ਐਂਡ ਆਰ., ਹਾਰਟੀਕਲਚਰ, ਓ. ਐਂਡ ਐੱਮ., ਸੈਨੇਟਰੀ ਵਿਭਾਗ, ਤਹਿਬਾਜ਼ਾਰੀ ਇੰਸਪੈਕਟਰ, ਪ੍ਰਾਪਰਟੀ ਟੈਕਸ ਸੁਪਰਡੈਂਟ ਆਦਿ ਦੀ ਡਿਊਟੀ ਵੀ ਇਨ੍ਹਾਂ ਦੇ ਨਾਲ ਲਾਈ ਗਈ ਹੈ।
ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ ਅਜਿਹਾ ਪ੍ਰਯੋਗ
ਨਗਰ ਨਿਗਮ ਦੇ ਸਾਬਕਾ ਕਮਿਸ਼ਨਰਾਂ ਵੱਲੋਂ ਪਹਿਲਾਂ ਵੀ ਅਜਿਹਾ ਪ੍ਰਯੋਗ ਕਈ ਵਾਰ ਕੀਤਾ ਜਾ ਚੁੱਕਾ ਹੈ ਪਰ ਜਲੰਧਰ ਨਿਗਮ ਵਿਚ ਇਹ ਤਜਰਬਾ ਕਦੀ ਵੀ ਸਫਲ ਨਹੀਂ ਰਿਹਾ। ਕਮਿਸ਼ਨਰ ਦੇ ਨਿਰਦੇਸ਼ਾਂ ਦੇ ਬਾਵਜੂਦ ਜ਼ੋਨਲ ਕਮਿਸ਼ਨਰਾਂ ਨੇ ਕਦੀ ਵੀ ਜ਼ੋਨ ਦਫਤਰਾਂ ਵਿਚ ਬੈਠ ਕੇ ਕੰਮ ਨਹੀਂ ਕੀਤਾ। ਅਕਸਰ ਇਹੀ ਬਹਾਨਾ ਲਾਇਆ ਜਾਂਦਾ ਰਿਹਾ ਹੈ ਕਿ ਉਥੇ ਢੰਗ ਨਾਲ ਬੈਠਣ ਦੀ ਸਹੂਲਤ ਨਹੀਂ ਹੈ। ਅੱਜ ਵੀ ਜ਼ੋਨ ਦਫ਼ਤਰਾਂ ਵਿਚ ਪੂਰਾ ਇਨਫਰਾਸਟਰੱਕਚਰ ਨਹੀਂ ਹੈ। ਵੇਖਣਾ ਹੋਵੇਗਾ ਇਹ ਸਿਸਟਮ ਕਾਮਯਾਬ ਹੁੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਕੋਰੋਨਾ ਕਾਲ ਨੇ ਖੋਹ ਲਿਆ ਰੁਜ਼ਗਾਰ, ਮਾਂ-ਧੀਆਂ ਨੇ ਨਹੀਂ ਹਾਰੀ ਹਿੰਮਤ, ਅੱਜ ਹੋਰਾਂ ਲਈ ਬਣੀਆਂ ਮਿਸਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani