ਸਫਾਈ ਕਰਮਚਾਰੀਆਂ ਨੇ ਈ. ਓ. ਦੇ ਦਫਤਰ ਅੱਗੇ ਲਾਏ ਕੂਡ਼ੇ ਦੇ ਢੇਰ

01/23/2019 6:24:53 AM

ਆਦਮਪੁਰ, (ਦਿਲਬਾਗੀ, ਚਾਂਦ, ਕਮਲਜੀਤ)- ਸਫਾਈ ਮਜ਼ਦੂਰ ਯੂਨੀਅਨ ਵਲੋਂ ਭਾਰੀ ਮੀਂਹ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਨਗਰ ਕੌਂਸਲ ਦੇ ਦਫਤਰ ਅੰਦਰ ਏ. ਓ. ਦੇ ਕਮਰੇ ਅੱਗੇ ਅਤੇ ਪ੍ਰਧਾਨ ਪਵਿੱਤਰ ਸਿੰਘ ਦੀ ਦੁਕਾਨ ਅਤੇ ਉਸ ਦੇ ਘਰ ਨੂੰ ਜਾਂਦੀ ਗਲੀ ਅੱਗੇ ਕੂਡ਼ੇ  ਦੇ ਢੇਰ ਲਾ ਦਿੱਤੇ ਗਏ। ਸਫਾਈ ਮਜ਼ਦੂਰ ਯੂਨੀਅਨ ਆਦਮਪੁਰ ਵਲੋਂ ਪਿਛਲੇ ਕਾਫੀ ਸਮੇਂ ਤੋਂ ਹਡ਼ਤਾਲ ਕੀਤੀ ਜਾ ਰਹੀ ਹੈ। 
ਯੂਨੀਅਨ ਦੇ ਪ੍ਰਧਾਨ ਮੇਸ਼ੀ ਬਾਊ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ  ਕੁਝ ਸਮਾਂ ਪਹਿਲਾਂ ਵੀ ਹਡ਼ਤਾਲ ਕੀਤੀ ਸੀ ਅਤੇ ਉਸ ਸਮੇਂ ਸਾਡੀ ਹਡ਼ਤਾਲ ਨੂੰ ਖਤਮ ਕਰਨ ਲਈ ਈ. ਓ., ਪ੍ਰਧਾਨ ਅਤੇ ਕੌਂਸਲਰਾਂ ਨੇ ਕਿਹਾ ਸੀ ਕਿ ਸਫਾਈ ਕਰਮਚਾਰੀਆਂ ਦੀ ਹਡ਼ਤਾਲ ਵਾਲੇ ਦਿਨਾਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ ਅਤੇ ਹੁਣ ਸਾਡੀ ਤਨਖਾਹ ਵਿਚੋਂ ਹਡ਼ਤਾਲ ਦੇ ਦਿਨਾਂ ਦੀ ਤਨਖਾਹ ਕੱਟ ਲਈ ਗਈ ਹੈ। ਇਸ ’ਤੇ ਕਰਮਚਾਰੀਆਂ ਵਿਚ ਰੋਸ ਫੈਲ ਗਿਆ ਅਤੇ ਉਹ ਹਡ਼ਤਾਲ ’ਤੇ  ਦੁਬਾਰਾ ਫਿਰ ਚਲੇ ਗਏ। ਉਨ੍ਹਾਂ ਕਿਹਾ ਕਿ ਜਦ ਤਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤਕ ਸ਼ਹਿਰ ਵਿਚੋਂ ਕੂਡ਼ਾ ਨਹੀਂ ਚੁੱਕਿਆ ਜਾਵੇਗਾ ਅਤੇ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ।

ਮੰਗਾਂ ਸਬੰਧੀ ਜਲਦ ਫੈਸਲਾ ਹੋ ਜਾਵੇਗਾ : ਈ. ਓ.
ਇਸ ਸਬੰਧੀ ਈ. ਓ. ਤਜਿੰਦਰ ਸਿੰਘ ਨੇ ਕਿਹਾ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸਾਰੀ ਕਾਰਵਾਈ ਨੂੰ ਪੂਰੀ ਕਰਨ ਲਈ ਡਿਪਟੀ ਡਾਇਰੈਕਟਰ ਜਲੰਧਰ ਨਾਲ ਗੱਲਬਾਤ ਕਰ ਕੇ ਮਨਜ਼ੂਰ ਕਰਵਾਉਣਗੇ। ਉਨ੍ਹਾਂ ਨੇ ਤਨਖਾਹ ਕੱਟਣ ਸਬੰਧੀ ਕਿਹਾ ਕਿ ਇਹ ਕਾਰਵਾਈ ਕਾਨੂੰਨ ਅਨੁਸਾਰ ਹੀ ਕੀਤੀ ਜਾਵੇਗੀ।


Related News