ਭੰਗੀ ਚੋਅ ਨੂੰ ਸਾਫ਼ ਕਰਨ ਤੇ ਕੂੜਾ ਮੁਕਤ ਕਰਨ ਲਈ 8 ਤੋਂ 24 ਫਰਵਰੀ ਤੱਕ ਚੱਲੇਗੀ ਸਫ਼ਾਈ ਮੁਹਿੰਮ

Friday, Feb 03, 2023 - 01:32 PM (IST)

ਭੰਗੀ ਚੋਅ ਨੂੰ ਸਾਫ਼ ਕਰਨ ਤੇ ਕੂੜਾ ਮੁਕਤ ਕਰਨ ਲਈ 8 ਤੋਂ 24 ਫਰਵਰੀ ਤੱਕ ਚੱਲੇਗੀ ਸਫ਼ਾਈ ਮੁਹਿੰਮ

ਹੁਸ਼ਿਆਰਪੁਰ (ਘੁੰਮਣ)-ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਕਿਹਾ ਕਿ 8 ਫਰਵਰੀ ਤੋਂ 24 ਫਰਵਰੀ ਤੱਕ ਹੁਸ਼ਿਆਰਪੁਰ ਸ਼ਹਿਰ ਵਿਚੋਂ ਲੰਘਦੇ ਭੰਗੀ ਚੋਅ ਨੂੰ ਸਾਫ਼ ਕਰਨ ਅਤੇ ਕੂੜਾ ਮੁਕਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਨਗਰ ਨਿਗਮ, ਜੰਗਲਾਤ ਵਿਭਾਗ, ਡਰੇਨੇਜ ਵਿਭਾਗ, ਐੱਨ. ਐੱਸ. ਐੱਸ ਵਲੰਟੀਅਰ, ਸਿਵਲ ਸੋਸਾਇਟੀਆਂ, ਐੱਨ. ਜੀ. ਓਜ਼ ਅਤੇ ਆਮ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। ਉਹ ਵੀਰਵਾਰ ਇਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਐੱਨ. ਜੀ. ਓਜ਼ ਨਾਲ ਮੀਟਿੰਗ ਕਰ ਰਹੇ ਸਨ।

ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਭੰਗੀ ਚੋਅ ਦੀਆਂ ਦੋਵਾਂ ਸਾਈਡਾਂ ’ਤੇ ਪਏ ਕੂੜੇ ਨੂੰ ਸਾਫ਼ ਕਰਨ ਤੋਂ ਬਾਅਦ ਉਥੇ ਬੂਟੇਦੇ ਲਗਾਏ ਜਾਣਗੇ, ਜਿਸ ਨਾਲ ਸ਼ਹਿਰ ਦੇ ਅਕਸ ਵਿਚ ਸੁਧਾਰ ਹੋਵੇਗਾ ਅਤੇ ਵਾਤਾਵਰਣ ਨੂੰ ਸਵੱਛ ਰੱਖਣ ਵਿਚ ਮਦਦ ਮਿਲੇਗੀ। ਉਨ੍ਹਾਂ ਡੀ. ਐੱਫ. ਓ. ਹੁਸ਼ਿਆਰਪੁਰ ਅਮਨੀਤ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਸਫ਼ਾਈ ਮੁਹਿੰਮ ਦੇ ਨਾਲ-ਨਾਲ ਜੰਗਲਾਤ ਵਿਭਾਗ ਵੱਲੋਂ ਚੋਅ ਦੇ ਕੰਢਿਆਂ ’ਤੇ ਬੂਟੇ ਲਗਾਏ ਜਾਣ। ਉਨ੍ਹਾਂ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੂੰ ਇਸ ਸਫ਼ਾਈ ਮੁਹਿੰਮ ਸਬੰਧੀ ਪੂਰਾ ਖਾਕਾ ਤਿਆਰ ਕਰਨ ਅਤੇ ਲੋੜੀਂਦਾ ਸਾਜ਼ੋ-ਸਾਮਾਨ ਤਿਆਰ ਕਰਨ ਸਬੰਧੀ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਸਫ਼ਾਈ ਮੁਹਿੰਮ ਦੌਰਾਨ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹੇ।

ਉਨ੍ਹਾਂ ਨਗਰ ਨਿਗਮ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਫ਼ਾਈ ਮੁਹਿੰਮ ਤੋਂ ਪਹਿਲਾਂ ਭੰਗੀ ਚੋਅ ਦਾ ਇਕ ਵਾਰ ਸੰਯੁਕਤ ਦੌਰਾ ਕਰਕੇ ਸਫ਼ਾਈ ਸਬੰਧੀ ਯੋਜਨਾ ਤਿਆਰ ਕਰਨ। ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ, ਸ਼ਹਿਰ ਦੀਆਂ ਵੱਖ-ਵੱਖ ਸੋਸਾਇਟੀਆਂ, ਐੱਨ. ਜੀ. ਓਜ਼, ਰੈਜ਼ੀਡੈਂਸ ਵੈੱਲਫੇਅਰ ਸੋਸਾਇਟੀਆਂ, ਸਕੂਲਾਂ ਅਤੇ ਕਾਲਜਾਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਫਾਈ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾ ਸਕੀਏ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦੇ ਸਹਿਯੋਗ ਤੋਂ ਬਗੈਰ ਇਸ ਮੁਹਿੰਮ ਨੂੰ ਸਫਲ ਨਹੀਂ ਬਣਾਇਆ ਜਾ ਸਕਦਾ, ਇਸ ਲਈ ਉਹ ਵੀ ਇਸ ਵਿਚ ਹਰ ਸੰਭਵ ਸਹਿਯੋਗ ਦੇਣ।

ਕਿਸ ਦਿਨ ਕਿਥੇ ਚੱਲੇਗੀ ਮੁਹਿੰਮ
8 ਫਰਵਰੀ ਨੂੰ ਊਨਾ ਰੋਡ ਤੋਂ ਨਗਰ ਨਿਗਮ ਦਫ਼ਤਰ ਤੱਕ, 9 ਅਤੇ 10 ਫਰਵਰੀ ਨੂੰ ਧੋਬੀ ਘਾਟ ਤੋਂ ਆਦਮਵਾਲ ਰੋਡ ਤੱਕ, 11 ਤੇ 12 ਫਰਵਰੀ ਨੂੰ ਧੋਬੀ ਘਾਟ ਚੌਕ ਤੋਂ ਸ਼ਨੀ ਦੇਵ ਮੰਦਰ ਤੱਕ, 13 ਤੇ 14 ਫਰਵਰੀ ਨੂੰ ਨਵੀਂ ਆਬਾਦੀ ਤੋਂ ਸੁਖੀਆਬਾਦ ਰੋਡ ਪੁਲ ਤੱਕ, 15 ਤੇ 16 ਫਰਵਰੀ ਨੂੰ ਸ਼ਨੀ ਦੇਵ ਮੰਦਰ ਤੋਂ ਭੰਗੀ ਪੁਲ ਤੱਕ, 17, 18 ਤੇ 19 ਫਰਵਰੀ ਨੂੰ ਸੁਖਦੇਵ ਸਿੰਘ ਚੌਕ ਤੋਂ ਆਦਮਵਾਲ ਪੁਲੀ ਤੱਕ, 20 ਅਤੇ 21 ਫਰਵਰੀ ਨੂੰ ਭੰਗੀ ਚੋਅ ਪੁਲ ਤੋਂ ਸਲਾਟਰ ਹਾਊਸ ਤੱਕ ਅਤੇ 22 ਤੋਂ 24 ਫਰਵਰੀ ਤੱਕ ਸਲਾਟਰ ਹਾਊਸ ਤੋਂ ਟਾਂਡਾ ਰੋਡ ਪੁਲ ਤੱਕ ਸਫ਼ਾਈ ਮੁਹਿੰਮ ਚਲਾਈ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 4 ਅਤੇ 5 ਫਰਵਰੀ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News