ਮੈਡੀਕਲ ਕਰਵਾਉਣ ਆਏ 2 ਮੁਲਜ਼ਮ ਪੁਲਸ ਨੂੰ ਧੱਕਾ ਮਾਰ ਕੇ ਭੱਜੇ

05/15/2019 10:19:02 AM

ਨਕੋਦਰ (ਪਾਲੀ)— ਨਕੋਦਰ-ਜਲੰਧਰ ਮਾਰਗ 'ਤੇ ਸਥਿਤ ਪਿੰਡ ਆਲੋਵਾਲ ਦੇ ਨੌਜਵਾਨ ਨੂੰ ਨਸ਼ੇ ਵਾਲਾ ਟੀਕਾ ਲਗਾ ਕੇ ਮਾਰਨ ਦੇ ਗੰਭੀਰ ਦੋਸ਼ ਹੇਠ ਗਿਫਤਾਰ ਕੀਤੇ ਗਏ 2 ਨੌਜਵਾਨ ਬੀਤੇ ਦਿਨ ਪੁਲਸ ਕਸਟਡੀ ਦੌਰਾਨ ਸਿਵਲ ਹਸਪਤਾਲ 'ਚੋਂ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਸਖਤ ਮੁਸ਼ੱਕਤ ਉਪਰੰਤ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ।
ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਨੇ ਦੱਸਿਆ ਕਿ ਉਕਤ ਮਾਮਲੇ 'ਚ ਗ੍ਰਿਫਤਾਰ ਹਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਪਰਮਜੀਤ ਸਿੰਘ, ਗੁਰਜੀਤ ਉਰਫ ਜੀਤਾ ਪੁੱਤਰ ਸਰਬਜੀਤ ਅਤੇ ਗੁਰਮੀਤੋ ਪਤਨੀ ਪਰਮਜੀਤ ਸਿੰਘ ਵਾਸੀ ਪਿੰਡ ਆਲੋਵਾਲ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਸਨ। ਪੁਲਸ ਰਿਮਾਂਡ ਖਤਮ ਹੋਣ ਉਪਰੰਤ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਲਈ ਪੁਲਸ ਮੁਲਾਜ਼ਮ ਏ. ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਆਈ. ਕਸ਼ਮੀਰ ਚੰਦ, ਹੌਲਦਾਰ ਨਛੱਤਰ ਸਿੰਘ, ਸਿਪਾਰੀ ਜਸਬੀਰ ਸਿੰਘ ਅਤੇ ਮਹਿਲਾ ਕਰਮਚਾਰੀ ਕੁਲਵੰਤ ਕੌਰ ਲੈ ਕੇ ਗਏ।
ਮੈਡੀਕਲ ਕਰਵਾਉਣ ਉਪਰੰਤ ਉਕਤ ਮੁਲਜ਼ਮ ਹਰਵਿੰਦਰ ਸਿੰਘ ਉਰਫ ਬੱਬੂ ਅਤੇ ਗੁਰਜੀਤ ਉਰਫ ਜੀਤਾ ਪੁਲਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ। ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ ਸਿਟੀ ਸੀਲ ਕਰਕੇ ਕੀਤੀ ਛਾਪੇਮਾਰੀ ਦੌਰਾਨ ਕਰੀਬ ਅੱਧੇ ਘੰਟੇ ਬਾਅਦ ਹੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਸਿਟੀ ਪੁਲਸ ਨੂੰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਭੱਜੇ ਹਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਪਰਮਜੀਤ ਸਿੰਘ ਅਤੇ ਗੁਰਜੀਤ ਉਰਫ ਜੀਤਾ ਪੁੱਤਰ ਸਰਬਜੀਤ ਵਾਸੀ ਪਿੰਡ ਆਲੋਵਾਲ ਨਕੋਦਰ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਨੌਜਵਾਨ ਨੂੰ ਨਸ਼ੇ ਵਾਲਾ ਟੀਕਾ ਲਗਾ ਕੇ ਮਾਰਨ ਦੇ ਦੋਸ਼ ਹੇਠ ਕੀਤੇ ਗਏ ਸਨ ਗ੍ਰਿਫਤਾਰ
ਬੀਤੀ 8 ਮਈ ਨੂੰ ਹਰਪ੍ਰੀਤ ਸਿੰਘ ਹੈਪੀ (22) ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਆਲੋਵਾਲ ਨਕੋਦਰ ਦੀ ਭੇਤਭਰੇ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਥਾਣਾ ਸਿਟੀ ਨਕੋਦਰ ਵਿਖੇ ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਦਿੱਤੇ ਬਿਆਨਾਂ 'ਚ ਕਿਹਾ ਕਿ ਹਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਪਰਮਜੀਤ ਸਿੰਘ, ਗੁਰਮੀਤੋ ਪਤਨੀ ਪਰਮਜੀਤ ਸਿੰਘ, ਸੁਨੀਲ ਉਰਫ ਲੀਲਾ ਪੁੱਤਰ ਮਹਿੰਦਰਪਾਲ, ਸੰਨੀ ਉਰਫ ਮਾਣਕ ਪੁੱਤਰ ਸੋਖੀ ਅਤੇ ਗੁਰਜੀਤ ਉਰਫ ਜੀਤਾ ਪੁੱਤਰ ਸਰਬਜੀਤ ਵਾਸੀ ਪਿੰਡ ਆਲੋਵਾਲ ਨੇ ਹਮ-ਸਲਾਹ ਹੋ ਕੇ ਮੇਰੇ ਪੁੱਤਰ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਨਸ਼ੇ ਵਾਲੇ ਟੀਕੇ ਦੀ ਜ਼ਿਆਦਾ ਡੋਜ਼ ਦੇ ਕੇ ਮਾਰ ਦਿੱਤਾ।
ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਖਿਲਾਫ ਪੁਲਸ ਨੇ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕਰਕੇ ਹਰਵਿੰਦਰ ਸਿੰਘ ਉਰਫ ਬੱਬੂ ਪੁੱਤਰ ਪਰਮਜੀਤ ਸਿੰਘ, ਗੁਰਮੀਤੋ ਪਤਨੀ ਪਰਮਜੀਤ ਸਿੰਘ ਅਤੇ ਗੁਰਜੀਤ ਉਰਫ ਜੀਤਾ ਪੁੱਤਰ ਸਰਬਜੀਤ ਵਾਸੀ ਪਿੰਡ ਆਲੋਵਾਲ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਸੁਨੀਲ ਉਰਫ ਲੀਲਾ ਪੁੱਤਰ ਮਹਿੰਦਰਪਾਲ, ਸੰਨੀ ਉਰਫ ਮਾਣਕ ਪੁੱਤਰ ਸੋਖੀ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗੇ।


shivani attri

Content Editor

Related News