ਪੰਜਾਬ ਦਾ ਵਫਦ ਗਵਰਨਰ ਵੀ. ਪੀ. ਬਦਨੌਰ ਨੂੰ ਮਿਲਿਆ

02/20/2020 5:03:32 PM

ਜਲੰਧਰ (ਮਜ਼ਹਰ)— ਪੰਜਾਬ ਦੇ ਮੁਸਲਿਮ ਭਾਈਚਾਰੇ ਦੀ ਆਵਾਜ਼ ਬਣ ਕੇ ਇਕ ਵਫਦ ਬੀਤੇ ਦਿਨ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲਿਆ। ਇਸ ਵਫਦ 'ਚ ਪੰਜਾਬ ਵਕਫ ਬੋਰਡ ਦੇ ਮੈਂਬਰ ਕਲੀਮ ਆਜ਼ਾਦ, ਪੰਜਾਬ ਵਕਫ ਟ੍ਰੀਬਿਊਨਲ ਮੈਂਬਰ ਐਂਡ. ਨਈਮ ਖਾਨ, ਪੰਜਾਬ ਸੂਫੀ ਮੰਚ ਦੇ ਪ੍ਰਧਾਨ ਐੱਸ. ਐੱਸ. ਹਸਨ, ਮੁਸਲਿਮ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐੱਮ. ਆਲਮ, ਮਦਨੀ ਮਸਜ਼ਿਦ ਨਕੋਦਰ ਦੇ ਪ੍ਰਧਾਨ ਠੇਕੇਦਾਰ ਅਬਦੁਲ ਸਤਾਰ ਅਤੇ ਸਮਾਜਿਕ ਕਾਰਜਕਾਰੀ ਅਲਾਊਦੀਨ ਹਾਜ਼ਰ ਸਨ। ਪੰਜਾਬ ਦੇ ਰਾਜਪਾਲ ਵੀ. ਪੀ. ਬਦਨੌਰ ਨੂੰ ਚੰਡੀਗੜ੍ਹ 'ਚ ਮਿਲੇ ਅਤੇ ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਦੀਆ ਭਾਵਨਾਵਾਂ ਤੋਂ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਧਰਮ ਨਿਰਪੱਖ ਅਕਸ ਸੀ. ਏ. ਏ. ਅਤੇ ਐੱਨ. ਪੀ. ਆਰ. ਦੇ ਕਾਰਨ ਕਾਫੀ ਧੁੰਦਲਾ ਹੋ ਰਿਹਾ ਹੈ ਅਤੇ ਘੱਟ-ਗਿਣਤੀਆਂ 'ਚ ਇਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਕੀ ਭਵਿੱਖ 'ਚ ਇਹ ਯੋਜਨਾਵਾਂ ਉਨ੍ਹਾਂ ਲਈ ਮੁਸ਼ਕਿਲਾਂ ਪੈਦਾ ਕਰਨਗੀਆਂ।
ਇਸ ਮੌਕੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਦਿਆਂ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਇਕ ਜਾਗਰੂਕ ਭਾਰਤੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਸਾਹਮਣੇ ਆਪਣਾ ਪੱਖ ਰੱਖ ਕੇ ਸਪੱਸ਼ਟ ਕਰੀਏ ਕਿ ਸਾਨੂੰ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ।

ਐੱਸ. ਐੱਸ. ਹਸਨ ਨੇ ਕਿਹਾ ਕਿ ਅਸੀਂ ਸੂਫੀ ਸੰਤਾਂ ਨੂੰ ਮੰਨਣ ਵਾਲੇ ਲੋਕ ਕਿਸੇ ਵੀ ਹਾਲਤ 'ਚ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਮਾਨਵਤਾ ਖੁਦ ਨੂੰ ਸਾਬਤ ਕਰਨ ਲਈ ਸਰਕਾਰ ਤੋਂ ਸਰਟੀਫਿਕੇਟ ਹਾਸਲ ਕਰਦੀ ਫਿਰੇ। ਅਬਦੁਲ ਸਤਾਰ ਠੇਕੇਦਾਰ ਅਤੇ ਅਲਾਊਦੀਨ ਚਾਂਦ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਬੇਗੁਨਾਹ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੀ ਅਸੀਂ ਨਿਖੇਧੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਤੁਰੰਤ ਸੁਮੱਤ ਤੋਂ ਕੰਮ ਲੈਣ। ਰਾਜਪਾਲ ਬਦਨੌਰ ਨੇ ਵਫਦ ਦੇ ਵਿਚਾਰਾਂ ਨੂੰ ਧਿਆਨਪੂਰਵਕ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤੁਹਾਡੀਆਂ ਮੰਗਾਂ ਕੇਂਦਰ ਸਰਕਾਰ ਤਕ ਪਹੁੰਚਾਵਾਂਗੇ।


shivani attri

Content Editor

Related News