CIA ਸਟਾਫ਼ ਫਗਵਾੜਾ ਦੀ ਪੁਲਸ ਨੇ 2 ਨੌਜਵਾਨ ਹਥਿਆਰਾਂ ਸਣੇ ਕੀਤੇ ਗ੍ਰਿਫ਼ਤਾਰ

08/15/2022 4:24:25 PM

ਫਗਵਾੜਾ (ਜਲੋਟਾ) : ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਵੱਲੋਂ ਨਸ਼ੇ ਦੇ ਸਮੱਗਲਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਐੱਸ. ਪੀ. ਕਪੂਰਥਲਾ ਹਰਵਿੰਦਰ ਸਿੰਘ ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਅਤੇ ਜਸਪ੍ਰੀਤ ਸਿੰਘ ਡੀ.ਐੱਸ.ਪੀ. ਸਬ-ਡਵੀਜ਼ਨ ਫਗਵਾੜਾ ਦੀ ਅਗਵਾਈ ’ਚ ਸਬ-ਇੰਸਪੈਕਟਰ ਪੰਕਜ ਕੁਮਾਰ ਅਤੇ ਸੀ. ਆਈ. ਏ. ਸਟਾਫ਼ ਫਗਵਾੜਾ ਦੀ ਪੁਲਸ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਨਾਕਾਬੰਦੀ ਦੌਰਾਨ ਗੁਰੂ ਨਾਨਕ ਨਗਰੀ ਮੇਨ ਜੀ. ਟੀ. ਰੋਡ ਤੋਂ ਪਿੰਡ ਮਹੇੜੂ ਵੱਲ ਨੂੰ ਜਾ ਰਹੇ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ’ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਨਾਜਾਇਜ਼ ਅਸਲਾ ਅਤੇ ਗੋਲੀ-ਸਿੱਕੇ ਸਮੇਤ ਨਸ਼ੇ ਵਾਲੀਆਂ ਗੋਲ਼ੀਆਂ ਆਦਿ ਬਰਾਮਦ ਹੋਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸ਼ਿਵਮ ਉਰਫ਼ ਗੋਲੂ ਪੁੱਤਰ ਸ਼ੀਸ਼ਪਾਲ ਵਾਸੀ ਪਿੰਡ ਸਮਾਲਖਾ ਥਾਣਾ ਮਧੂਬਨ ਜ਼ਿਲ੍ਹਾ ਕਰਨਾਲ ਹਰਿਆਣਾ ਅਤੇ ਅਭਿਸ਼ੇਕ ਸ਼ਰਮਾ ਉਰਫ ਸ਼ਕਤੀ ਪੁੱਤਰ ਲੇਟ ਨਰਿੰਦਰ ਸ਼ਰਮਾ ਵਾਸੀ ਲਿਬਾਸਪੁਰ ਥਾਣਾ ਰਾਇ ਜ਼ਿਲ੍ਹਾ ਸੋਨੀਪਤ ਹਰਿਆਣਾ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਜਵਾਨਾਂ ਤੋਂ ਸੀ.ਆਈ.ਏ. ਸਟਾਫ਼ ਫਗਵਾੜਾ ਦੀ ਪੁਲਸ ਨੇ ਦੋ ਪਿਸਤੌਲ (32 ਬੋਰ) 11 ਜ਼ਿੰਦਾ ਰੌਂਦ (32 ਬੋਰ ਸਮੇਤ ਮੈਗਜ਼ੀਨਾਂ ਅਤੇ 12 ਸੌ ਨਸ਼ੇ ਵਾਲੀਆਂ ਗੋਲ਼ੀਆਂ ਆਦਿ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਜਵਾਨਾਂ ਨੇ ਦੱਸਿਆ ਹੈ ਕਿ ਪ੍ਰਿੰਸ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ਰਾਹੀਂ ਦੱਸਿਆ ਸੀ ਕਿ ਉਸ ਨੇ ਜਲੰਧਰ ਦੇ ਕਿਸੇ ਵਪਾਰੀ ਕੋਲੋਂ ਫਿਰੌਤੀ ਮੰਗੀ ਸੀ ਪਰ ਉਸ ਨੂੰ ਫਿਰੌਤੀ ਦੀ ਰਕਮ ਨਹੀਂ ਮਿਲੀ, ਜਿਸ ਨੇ ਉਨ੍ਹਾਂ ਨੂੰ ਹਾਇਰ ਕਰ ਕੇ ਉਸ ਵਪਾਰੀ ਦੇ ਘਰ ’ਤੇ ਫਾਇਰਿੰਗ ਕਰਨ ਸਬੰਧੀ ਗੱਲ ਕਹੀ ਸੀ, ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਫਗਵਾੜਾ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਅਭਿਸ਼ੇਕ ਸ਼ਰਮਾ ਉਰਫ ਸ਼ਕਤੀ ਵੱਲੋਂ ਆਪਣੇ ਖ਼ਿਲਾਫ਼ ਮੁਕੱਦਮਾ ਨੰਬਰ 277, 5 ਸਤੰਬਰ 2020, ਧਾਰਾ 307, 326, 324, 34, 506 ਥਾਣਾ ਬਹਾਲਗੜ੍ਹ ਹਰਿਆਣਾ ਦਰਜ ਹੋਣਾ ਦੱਸਿਆ ਹੈ, ਜੋ ਜ਼ੇਰੇ ਸਮਾਇਤ ਅਦਾਲਤ ਹੈ। ਜੋ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਸਨਸਨੀਖੇਜ਼ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਤਫ਼ਤੀਸ਼ ਜਾਰੀ ਹੈ। 


Manoj

Content Editor

Related News