ਚਿੰਟੂ ਮਰਡਰ ਕੇਸ ਦੀ ਗੁੱਥੀ ਸੁਲਝੀ, ਗੈਂਗਸਟਰ ਕਮਲ ਗ੍ਰਿਫਤਾਰ (ਵੀਡੀਓ)

Wednesday, Jan 15, 2020 - 06:28 PM (IST)

ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਫਿਲੌਰ 'ਚ ਹੋਏ ਚਿੰਟੂ ਬਲਾਈਂਡ ਕਤਲ ਕੇਸ ਨੂੰ ਟਰੇਸ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 31 ਅਕਤੂਬਰ 2019 ਨੂੰ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕੀਤਾ ਗਿਆ ਸੀ। ਚਿੰਟੂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ ਅਤੇ 13 ਗੋਲੀਆਂ ਲੱਗੀਆਂ ਸਨ।

ਪੁਲਸ ਨੇ ਉਸ ਸਮੇਂ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਬਲਾਈਂਡ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਐੱਸ. ਐੱਸ. ਪੀ. ਮਾਹਲ ਨੇ ਇਕ ਟੀਮ ਗਠਿਤ ਕੀਤੀ ਸੀ। ਜਿਸ 'ਚ ਦਿਹਾਤੀ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਾਲ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੂੰ ਇਸ ਕੇਸ ਨੂੰ ਟੇਰਸ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਸੀ. ਆਈ. ਏ. ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਕਤੂਬਰ ਮਹੀਨੇ 'ਚ ਲਾਂਬੜਾ ਤੋਂ ਖੋਹੀ ਆਲਟੋ ਗੱਡੀ ਕਰਤਾਰਪੁਰ ਖੇਤਰ 'ਚ ਘੁੰਮ ਰਹੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਅੱਡਾ ਦਿਆਲਪੁਰ ਤੋਂ ਗੱਡੀ 'ਚ ਸਵਾਰ ਦੋਸ਼ੀ ਕਮਲਜੀਤ ਸਿਘ ਉਰਫ ਕਮਲ ਪੁੱਤਰ ਰਸ਼ਪਾਲ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ।

4 ਜ਼ਿੰਦਾ ਕਾਰਤੂਸ ਸਮੇਤ 30 ਬੋਰ ਪਿਸਤੌਲ ਬਰਾਮਦ
ਪੁਲਸ ਨੂੰ ਤਲਾਸ਼ੀ ਦੌਰਾਨ ਮੁਲਜ਼ਮ ਦੇ ਕੋਲੋਂ 30 ਬੋਰ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਫਿਲੌਰ 'ਚ ਹੋਏ ਚਿੰਟੂ ਕਤਲ ਕੇਸ 'ਚ ਨਵਪ੍ਰੀਤ ਸਿੰਘ ਉਰਫ ਨਵੀ ਨੇ ਉਨ੍ਹਾਂ ਨੂੰ ਚਿੰਟੂ ਦੀ ਸੁਪਾਰੀ ਦਿੱਤੀ ਸੀ। ਉਸ ਦੇ ਨਾਲ ਹਰਪ੍ਰੀਤ ਸਿੰਘ ਟਿੱਡੀ, ਸਤਵੰਤ ਸਿੰਘ ਅਤੇ ਅਨੁਜ ਅਰੋੜਾ ਨੇ ਪਿਸਤੌਲ ਦੀ ਨੋਕ 'ਤੇ ਪਹਿਲਾਂ ਲਾਂਬੜਾ ਤੋਂ ਗੱਡੀ ਖੋਹੀ ਅਤੇ ਫਿਰ ਫਿਲੌਰ ਜਾ ਕੇ ਚਿੰਟੂ ਦਾ ਕਤਲ ਕਰ ਦਿੱਤਾ। ਮੁਲਜ਼ਮ ਦੇ ਕੋਲੋਂ ਇਕ ਪਿਸਤੌਲ ਬਰਾਮਦ ਕੀਤੀ ਗਈ ਹੈ, ਜੋਕਿ ਇਸੇ ਕਤਲ ਕੇਸ 'ਚ ਇਸਤੇਮਾਲ ਕੀਤੀ ਗਈ ਸੀ। ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ 6 ਜਨਵਰੀ ਨੂੰ ਨਵਪ੍ਰੀਤ ਨੇ ਟਿੱਡੀ ਨੂੰ ਪੈਸੇ ਲੈਣ ਲਈ ਬੁਲਾਇਆ, ਜਿੱਥੇ ਉਸ ਨੇ ਟਿੱਡੀ ਅਤੇ ਸਤਵੰਤ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਟਿੱਡੀ ਦੀ ਮੌਤ ਹੋ ਗਈ ਅਤੇ ਸਤਵੰਤ ਸੋਨੀਪਤ ਪੁਲਸ ਦੀ ਹਿਰਾਸਤ 'ਚ ਹੈ।

ਸੋਨੀਪਤ ਪੁਲਸ ਨੂੰ ਚਿੰਟੂ ਮਰਡਰ ਕੇਸ 'ਚ ਇਸਤੇਮਾਲ ਹੋਏ 9 ਐੱਮ. ਐੱਮ. ਪਿਸਤੌਲ ਵੀ ਬਰਾਮਦ ਹੋਇਆ ਹੈ। ਮਾਹਲ ਨੇ ਦੱਸਿਆ ਕਿ ਚਿੰਟੂ ਅਤੇ ਨਵੀ ਵੱਡੇ ਪੱਧਰ 'ਤੇ ਕੌਮਾਂਤਰੀ ਹੈਰੋਇਨ ਸਮੱਗਲਿੰਗ ਦਾ ਕਾਰੋਬਾਰ ਕਰਦੇ ਸਨ। ਇਸੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਹਾਂ ਦਾ ਅੰਮ੍ਰਿਤਸਰ ਜੇਲ 'ਚ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਦੋਹਾਂ 'ਚ ਗੈਂਗਵਾਰ ਸ਼ੁਰੂ ਹੋ ਗਈ। ਪੁਲਸ ਫਰਾਰ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ।


author

shivani attri

Content Editor

Related News