ਚਿਲਡਰਨ ਪਾਰਕ ਹੋਇਆ ਬੱਚਿਆਂ ਦੀ ਪਹੁੰਚ ਤੋਂ ਕੋਹਾਂ ਦੂਰ, ਜੰਗਲੀ ਘਾਹ-ਬੂਟੀ ਤੇ ਲਾਵਾਰਿਸ ਪਸ਼ੂਆਂ ਦਾ ਸਮਰਾਜ
03/20/2023 12:53:57 PM

ਰੂਪਨਗਰ (ਕੈਲਾਸ਼)-ਸ਼ਹਿਰ ਦੀ ਪਾਸ਼ ਕਾਲੋਨੀ ਗਿਆਨੀ ਜ਼ੈਲ ਸਿੰਘ ਨਗਰ ’ਚ ਬਣਾਇਆ ਗਿਆ ਚਿਲਡਰਨ ਪਾਰਕ ਜਿੱਥੇ ਬੱਚਿਆਂ ਤੋਂ ਦੂਰ ਹੋ ਚੁੱਕਿਆ ਹੈ, ਉਥੇ ਹੀ ਉਕਤ ਪਾਰਕ ’ਚ ਕੁਝ ਲੋਕਾਂ ਵੱਲੋਂ ਉਸਾਰੀ ਦਾ ਮਲਬਾ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਜ਼ਮੀਨ ’ਤੇ ਬਣੇ ਉਕਤ ਪਾਰਕ ’ਚ ਜੰਗਲੀ ਘਾਹ ਬੂਟੀ ਅਤੇ ਗੰਦਗੀ ਦਾ ਸਮਰਾਜ ਹੈ, ਜਿਸ ਨਾਲ ਕੋਈ ਵੀ ਵਿਅਕਤੀ ਪਾਰਕ ’ਚ ਜਾਣ ਤੋਂ ਘਬਰਾਉਂਦਾ ਹੈ। ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਵੱਲੋਂ ਜਦੋਂ ਰੂਪਨਗਰ ਸ਼ਹਿਰ ਦੀ ਸਭ ਤੋਂ ਪਹਿਲੀ ਕਾਲੋਨੀ ਗਿਆਨੀ ਜ਼ੈਲ ਸਿੰਘ ਨੂੰ ਸਥਾਪਿਤ ਕੀਤਾ ਗਿਆ ਤਾਂ ਉਸ ’ਚ ਮਾਰਕੀਟ ਦੇ ਬਿਲਕੁੱਲ ਨੇੜੇ 19 ਜੂਨ 1989 ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਦੀ ਪਤਨੀ ਅਨੁ ਬੈਂਸ ਨੇ ਉਕਤ ਚਿਲਡਰਨ ਪਾਰਕ ਨੂੰ ਬੱਚਿਆਂ ਲਈ ਸਮਰਪਤ ਕੀਤਾ ਸੀ, ਜਿਸ ਦਾ ਲਗਾ ਪੱਥਰ ਵੀ ਹੁਣ ਆਪਣੀ ਛਾਪ ਗੁਆ ਚੁੱਕਿਆ ਹੈ। ਪਾਰਕ ’ਚ ਕਈ ਤਰ੍ਹਾਂ ਦੇ ਆਰਨੋਮੈਂਟਲ ਪਲਾਂਟਸ , ਰੰਗ ਬਿਰੰਗੇ ਫੁੱਲ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਗਾਏ ਗਏ ਸਨ। ਉਪਰੰਤ ਗਿਆਨੀ ਜ਼ੈਲ ਸਿੰਘ ਨਗਰ ਨੂੰ ਨਗਰ ਕੌਂਸਲ ਦੇ ਅਧੀਨ ਕਰ ਦਿੱਤਾ ਗਿਆ ਅਤੇ ਕਾਲੋਨੀ ਦੀਆਂ ਸੜਕਾਂ ਅਤੇ ਪਾਰਕਾਂ ਦੀ ਰੱਖ ਰਖਾਵ ਦੀ ਜ਼ਿੰਮੇਵਾਰੀ ਵੀ ਨਗਰ ਕੌਂਸਲ ਨੂੰ ਸੌਂਪ ਦਿੱਤੀ ਗਈ । ਨਗਰ ਕੌਂਸਲ ਵੱਲੋਂ ਪਿਛਲੇ ਕਈ ਸਾਲਾਂ ਤੋਂ ਉਕਤ ਪਾਰਕ ਦੀ ਸਾਰ ਨਹੀ ਲਈ ਗਈ ਜਿਸ ਕਾਰਨ ਅੱਜ ਉਕਤ ਪਾਰਕ ਬੱਚਿਆਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ
ਪਾਰਕ ’ਚ ਲੱਗੇ ਮਲਬੇ ਦੇ ਢੇਰ
ਚਿਲਡਰਨ ਪਾਰਕ ਦੀ ਪ੍ਰਸ਼ਾਸਨ ਵੱਲੋਂ ਅਣਦੇਖੀ ਕਾਰਨ ਕੁਝ ਭਵਨ ਉਸਾਰੀ ਕਰ ਰਹੇ ਲੋਕਾਂ ਵੱਲੋਂ ਇਸਦੀ ਖੁਲ੍ਹੇਆਮ ਦੁਰ ਵਰਤੋਂ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਰੋਕ ਟੋਕ ਕਰਨ ਵਾਲੇ ਕੋਈ ਨਹੀ ਹੈ । ਭਵਨ ਉਸਾਰੀ ਕਰਨ ਵਾਲੇ ਕੁਝ ਲੋਕਾਂ ਵੱਲੋਂ ਪਾਰਕ ’ਚ ਮਲਬੇ ਅਤੇ ਮਿੱਟੀ ਦੇ ਢੇਰ ਲਗਾਏ ਗਏ ਹੈ ਅਤੇ ਉਨ੍ਹਾਂ ਦੇ ਟ੍ਰੈਕਟਰ-ਟਰਾਲੀ ਪਾਰਕ ਦੇ ਅੰਦਰ ਜਾ ਸਕਣ ਇਸ ਲਈ ਲੱਗੀ ਗਰਿਲ ਨੂੰ ਵੀ ਤੋਡ਼ ਦਿੱਤਾ ਗਿਆ ਹੈ। ਪਾਰਕ ’ਚ ਅਕਸਰ ਆਵਾਰਾ ਲਾਵਾਰਿਸ ਪਸ਼ੂ, ਖਤਰਨਾਕ ਕੁੱਤੇ ਵੀ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਲੱਖਾਂ ਦੀ ਜ਼ਮੀਨ ’ਤੇ ਬਣਾ ਪਾਰਕ ਦੁਰਦਸ਼ਾ ਦਾ ਸ਼ਿਕਾਰ ਹੋ ਚੁੱਕਿਆ ਹੈ ।
ਪਾਰਕ ’ਚ ਸਥਾਪਿਤ ਟਰਾਂਸਫਾਰਮਰ ਦਾ ਹੋਣਾ ਵੀ ਖ਼ਤਰੇ ਤੋਂ ਖਾਲੀ ਨਹੀਂ
ਇਸ ਸਬੰਧੀ ਜਦੋਂ ਅੱਜ ਪਾਰਕ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਬਿਜਲੀ ਦੇ ਟਰਾਂਸਫਾਰਮਰ ਵੀ ਪਾਰਕ ’ਚ ਸਥਾਪਿਤ ਸਨ ਜਿਸ ਕਾਰਨ ਕਾਲੋਨੀ ਨਿਵਾਸੀਆਂ ’ਚ ਹਮੇਸ਼ਾ ਡਰ ਦਾ ਮਾਹੌਲ ਬਣਾ ਰਹਿੰਦਾ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਪਾਰਕ ’ਚ ਜਾਣ ਤੋਂ ਰੋਕਦੇ ਹਨ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋ ਜਾਵੇ ।
ਇਸ਼ਤਿਹਾਰ ਲਈ ਵੀ ਹੋ ਰਹੀ ਹੈ ਪਾਰਕ ਦੀ ਦੁਰਵਰਤੋਂ
ਨਗਰ ਕੌਂਸਲ ਪ੍ਰਸ਼ਾਸਨ ਭਲੇ ਹੀ ਸ਼ਹਿਰ ’ਚ ਲੱਗਣ ਵਾਲੇ ਬੈਨਰਾਂ, ਫਲੈਕਸ ਬੋਰਡਾਂ ਨੂੰ ਹਟਾਉਣ ਲਈ ਸਮੇਂ ਸਮੇਂ ’ਤੇ ਕਾਰਵਾਈ ਕਰਦੀ ਰਹਿੰਦੀ ਹੈ ਪਰ ਚਿਲਡਰਨ ਪਾਰਕ ’ਚ ਕੁੱਝ ਲੋਕਾਂ ਵਲੋਂ ਇਸ਼ਤਿਹਾਰਾਂ ਲਈ ਬੇਖੌਫ ਹੋ ਕੇ ਇਸ਼ਤਿਹਾਰ ਬੋਰਡ ਲਗਾਏ ਜਾ ਰਹੇ ਹੈ ਅਤੇ ਨਗਰ ਕੌਂਸਲ ਦੀ ਨਜ਼ਰ ਇਸ ’ਤੇ ਨਹੀ ਪੈਂਦੀ । ਇਸ ਨਾਲ ਜਿੱਥੇ ਬੈਨਰ ਪ੍ਰਦੂਸ਼ਣ ਫੈਲਰਦਾ ਹੈ, ਉਥੇ ਹੀ ਨਗਰ ਕੌਂਸਲ ਨੂੰ ਹੋਣ ਵਾਲੀ ਕਮਾਈ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ
ਝੂਲੇ ਵੀ ਬਣੇ ਕਬਾੜ
ਚਿਲਡਰਨ ਪਾਰਕ ’ਚ ਬੱਚਿਆਂ ਦੇ ਮਨੋਰੰਜਨ ਲਈ ਸਥਾਪਿਤ ਕੀਤੇ ਗਏ ਝੂਲੇ ਵੀ ਹੁਣ ਕਬਾੜ ਬਣ ਚੁੱਕੇ ਹਨ। ਜਦੋਂ ਤੋਂ ਝੂਲੇ ਸਥਾਪਿਤ ਕੀਤੇ ਹੈ ਉਦੋਂ ਤੋਂ ਲੈ ਕੇ ਇਨ੍ਹਾਂ ਨੂੰ ਕਦੇ ਰੰਗ ਰੌਗਨ ਨਹੀ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਦੀ ਰਿਪੇਅਰ ਕੀਤੀ ਗਈ ਜਿਸ ਕਾਰਨ ਕਬਾੜ ਚੁੱਕਣ ਵਾਲੇ ਲੋਕ ਇਸ ਤੋਂ ਲੋਹਾ ਵੀ ਚੋਰੀ ਕਰ ਰਹੇ ਹਨ ਅਤੇ ਉਕਤ ਝੂਲੇ ਦੁਰਦਸ਼ਾ ਦਾ ਸ਼ਿਕਾਰ ਹੋਣ ਕਾਰਨ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਹਨ। ਇਸ ਸੰਬੰਧ ’ਚ ਜ਼ੈਲ ਸਿੰਘ ਨਗਰ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਪਾਰਕ ਨੂੰ ਫਿਰ ਤੋਂ ਵਿਕਸਿਤ ਕੀਤਾ ਜਾਵੇ ਜੋ ਗਰਿਲ ਤੋੜੀ ਗਈ ਹੈ ਉਸ ਨੂੰ ਫਿਰ ਲਗਾਇਆ ਜਾਵੇ ਤਾਂ ਜੋ ਪਾਰਕ ਦੇ ਅੰਦਰ ਭਾਰੀ ਵਾਹਨਾਂ ਅਤੇ ਆਵਾਰਾ ਪਸ਼ੂਆਂ ਦਾ ਦਾਖ਼ਲ ਹੋਣਾ ਬੰਦ ਹੋ ਸਕੇ ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।