ਚੌਧਰੀ ਦੇ ਸਟਿੰਗ ਮਾਮਲੇ ਦੀ ਸੈਂਟਰਲ ਏਜੰਸੀ ਤੋਂ ਕਰਾਈ ਜਾਵੇ ਜਾਂਚ : ਟੀਨੂੰ

03/21/2019 6:32:44 AM

ਜਲੰਧਰ, (ਕਮਲੇਸ਼)– ਦੇਸ਼ ਵਿਚ ਵੱਡੇ ਪੱਧਰ ’ਤੇ ਹੋਏ ਘਪਲਿਆਂ ’ਚ ਹਮੇਸ਼ਾ ਕਾਂਗਰਸ ਹੀ ਸ਼ਾਮਲ ਰਹੀ ਹੈ। ਇਹ ਗੱਲ ਅਕਾਲੀ ਦਲ  ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਹੀ। ਪ੍ਰੈੱਸ ਕਾਨਫਰੰਸ ਦੌਰਾਨ ਟੀਨੂੰ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਜੋ ਸਟਿੰਗ ਸਾਹਮਣੇ ਆਏ  ਹਨ, ਉਸਨੂੰ ਲੈ ਕੇ ਪੂਰੇ ਪੰਜਾਬ ਵਿਚ ਕਾਂਗਰਸ ਦੀ ਨਿੰਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੈਂਟਰਲ ਜਾਂਚ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ ਅਤੇ ਉਸ ਤੋਂ  ਬਾਅਦ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਡੈਮੋਕ੍ਰੇਸੀ ’ਤੇ ਵਿਸ਼ਵਾਸ ਬਣਿਆ ਰਹੇ। ਟੀਨੂੰ ਨੇ  ਕਿਹਾ ਕਿ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਫੰਡ ਚੌਧਰੀ ਇਕੱਠਾ ਕਰ ਰਹੇ ਸਨ, ਉਹ ਕਿਤੇ ਕਾਂਗਰਸ  ਹਾਈਕਮਾਨ ਤੱਕ  ਤਾਂ ਨਹੀਂ ਜਾਣਾ ਸੀ। ਉਨ੍ਹਾਂ ਕਿਹਾ ਕਿ ਚੌਧਰੀ ਨੂੰ ਵੀ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਮਾਮਲੇ ਦੇ ਬਾਅਦ  ਅਜੇ ਤੱਕ ਸੂਬੇ ਦੇ ਮੁੱਖ ਮੰਤਰੀ ਚੁੱਪ ਬੈਠੇ ਹੋਏ ਹਨ। ਟੀਨੂੰ ਨੇ ਕਿਹਾ ਕਿ ਚੌਧਰੀ ਨੂੰ ਸਾਫ ਕਰਨਾ ਚਾਹੀਦਾ ਹੈ ਕਿ ਜੋ ਬੈਗ ਸਟਿੰਗ ਦੌਰਾਨ ਉਨ੍ਹਾਂ ਨੂੰ ਦਿੱਤਾ ਸੀ ਉਸ ਵਿਚ ਕੀ ਸੀ।
ਇਸ ਦੌਰਾਨ ਬਲਦੇਵ ਸਿੰਘ ਖਹਿਰਾ ਨੇ ਚੌਧਰੀ ’ਤੇ ਫਿਲੌਰ ਵਿਚ ਹੋਣ ਵਾਲੀ ਮਾਈਨਿੰਗ ਅਤੇ ਨਾਜਾਇਜ਼ ਲਾਟਰੀ ਦੇ ਕੰਮ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਚੌਧਰੀ ਦੇ ਬੇਟੇ ਵਿਕਰਮਜੀਤ ਸਿੰਘ ਨੂੰ ਸਕਿਓਰਿਟੀ ਮਿਲੀ ਹੋਈ ਹੈ, ਜਿਸਦੇ ਦਮ ’ਤੇ ਉਹ ਅਫਸਰਾਂ ’ਤੇ ਵੀ ਪ੍ਰਭਾਵ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਕਲੀਅਰ ਕੀਤਾ ਜਾਵੇ ਕਿ ਕਿਸ ਕਾਰਨ  ਵਿਕਰਮ ਨੂੰ ਸਕਿਓਰਿਟੀ ਦਿੱਤੀ ਗਈ ਹੈ। ਇਸ ਮੌਕੇ ਸੇਠ ਸੱਤਪਾਲ ਮੱਲ, ਨੀਲਾਮਹਿਲ ਮੌਜੂਦ ਸਨ।


Bharat Thapa

Content Editor

Related News