ਬਿਨਾਂ ਪਰਮੀਸ਼ਨ ਧਰਨਾ ਲਗਾਉਣ ''ਤੇ ਪੁਲਸ ਸ਼ਸ਼ੀ ਸ਼ਰਮਾ ਸਣੇ ਅਣਪਛਾਤੇ ਮੁਲਜ਼ਮਾਂ ਦੀ ਕਰ ਰਹੀ ਹੈ ਭਾਲ

11/24/2019 1:33:35 PM

ਜਲੰਧਰ (ਜ.ਬ.)— ਨਗਰ ਨਿਗਮ ਵੱਲੋਂ ਟਿੱਕੀਆਂ ਵਾਲਾ ਚੌਕ ਤੋਂ ਕਬਜ਼ਾ ਹਟਾਉਣ ਦੇ ਵਿਰੋਧ ਵਿਚ ਸ਼ਸ਼ੀ ਸ਼ਰਮਾ ਅਤੇ ਉਸ ਦੇ ਸਮਰਥਕਾਂ ਵੱਲੋਂ ਧਰਨਾ ਦੇਣ ਦੇ ਮਾਮਲੇ 'ਚ ਪੁਲਸ ਧਰਨੇ 'ਚ ਆਏ ਅਣਪਛਾਤੇ ਲੋਕਾਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਦੀ ਸ਼ਨਾਖਤ ਕਰਨੀ ਬਾਕੀ ਹੈ। ਐੱਸ. ਐੱਚ. ਓ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਧਰਨੇ 'ਚ ਮੌਜੂਦ ਬਾਕੀ ਲੋਕਾਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਫਰਾਰ ਵਿਅਕਤੀਆਂ ਨੂੰ ਸ਼ਨਾਖਤ ਕਰਨ ਤੋਂ ਬਾਅਦ ਜਲਦੀ ਹੀ ਨਾਮਜ਼ਦ ਕੀਤਾ ਜਾਵੇਗਾ।

ਉਥੇ ਦੂਜੇ ਪਾਸੇ ਸ਼ਸ਼ੀ ਸ਼ਰਮਾ 'ਤੇ ਚੱਲ ਰਹੇ ਕੇਸਾਂ ਦੀਆਂ ਕਈ ਇਨਕੁਆਰੀਆਂ ਪੈਂਡਿੰਗ ਹਨ, ਜਿਸ ਵੱਲ ਪੁਲਸ ਦਾ ਬਿਲਕੁਲ ਧਿਆਨ ਨਹੀਂ ਹੈ। ਬੀਤੇ ਦਿਨੀਂ ਟਿੱਕੀਆਂ ਵਾਲਾ ਚੌਕ ਵਿਚ ਨਗਰ ਨਿਗਮ ਵਲੋਂ ਕਾਰਵਾਈ ਕਰਨ ਦੇ ਬਾਅਦ ਸ਼ਸ਼ੀ ਸ਼ਰਮਾ ਵਲੋਂ ਪ੍ਰਧਾਨਗੀ ਵਿਖਾਉਣ ਲਈ ਧਰਨਾ ਲਾਇਆ ਗਿਆ ਸੀ, ਜੋ ਕਿ ਪ੍ਰਸ਼ਾਸਨ ਦੀ ਬਿਨਾਂ ਪਰਮਿਸ਼ਨ ਦੇ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸ਼ਸ਼ੀ ਸ਼ਰਮਾ ਵਲੋਂ ਪੁਲਸ ਨਾਲ ਬਹਿਸਬਾਜ਼ੀ ਕੀਤੀ ਗਈ ਅਤੇ ਧੱਕਾ-ਮੁੱਕੀ ਵੀ ਕੀਤੀ ਗਈ ਸੀ, ਜਿਸ 'ਤੇ ਪੁਲਸ ਨੇ ਏ. ਐੱਸ. ਆਈ. ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ। ਇਸ ਕੇਸ ਵਿਚ ਸ਼ਿਵ ਪ੍ਰਕਾਸ਼ ਸ਼ਰਮਾ, ਪੱਕਾ ਬਾਗ ਦੇ ਸੋਮਨਾਥ, ਵਿਜੇ ਕੁਮਾਰ, ਸੰਜੂ, ਵਿਪਨ ਸੱਭਰਵਾਲ, ਨੀਲੂ ਟੱਕਰ, ਗੁੱਲਾ, ਗੁਰਬਖਸ਼ ਸਿੰਘ ਅਤੇ ਸੋਨੂੰ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 188, 283, 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ਼ਸ਼ੀ ਸ਼ਰਮਾ 'ਤੇ ਪਹਿਲਾਂ ਤੋਂ ਹੀ ਦਰਜ ਹਨ ਕਈ ਕੇਸ
ਦੱਸਣਯੋਗ ਹੈ ਕਿ ਸ਼ਸ਼ੀ ਸ਼ਰਮਾ 'ਤੇ ਪਹਿਲਾਂ ਤੋਂ ਹੀ ਕਈ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿਚ ਕਈ ਲੋਕਾਂ ਖਾਸ ਕਰ ਕੇ ਐੱਨ. ਆਰ. ਆਈਜ਼ ਦੀਆਂ ਪ੍ਰਾਪਰਟੀਆਂ 'ਤੇ ਜਬਰਨ ਕਬਜ਼ਾ ਕਰਨ ਦੇ ਦੋਸ਼ ਵਿਚ ਕਈ ਕੇਸ ਕੋਰਟ ਵਿਚ ਚੱਲ ਰਹੇ ਹਨ। ਇਸ ਦੇ ਨਾਲ ਉਸ ਦੇ ਕਈ ਗੁਰਗੇ ਵੀ ਸ਼ਹਿਰ ਵਿਚ ਬਲੈਕਮੇਲ ਕਰ ਕੇ ਪ੍ਰਾਪਰਟੀ ਹੜਪਦੇ ਹਨ। ਦੱਸਣਯੋਗ ਹੈ ਕਿ ਸ਼ਸ਼ੀ ਸ਼ਰਮਾ 'ਤੇ ਬਲੈਕਮੇਲਿੰਗ ਕਰਨ ਨੂੰ ਲੈ ਕੇ ਵੀ ਅਟੈਕ ਹੋਇਆ ਸੀ, ਜਿਸ ਵਿਚ ਪੁਲਸ ਨੇ ਕਈ ਗੈਂਗਸਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ।


shivani attri

Content Editor

Related News